body

ਨੌਜਵਾਨ ਦੀ ਲਾਸ਼ ਨੂੰ ਚੌਕ ’ਚ ਰੱਖ ਕੇ ਪਰਿਵਾਰ ਨੇ ਜਾਮ ਕੀਤਾ ਨੈਸ਼ਨਲ ਹਾਈਵੇ

ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਉਪਰੰਤ ਨਾਮਜ਼ਦ ਮੁਲਜ਼ਮ ਦੀ ਗ੍ਰਿਫਤਾਰੀ ਨਾ ਹੋਣ ਦਾ ਮਾਮਲਾ

ਗੁਰਦਾਸਪੁਰ, 9 ਜੂਨ :- ਕਰੀਬ ਚਾਰ ਦਿਨ ਪਹਿਲਾਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਬੱਬੇਹਾਲੀ ਵਿਖੇ ਇਕ 20 ਸਾਲਾ ਨੌਜਵਾਨ ਵੱਲੋਂ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਤੋ ਬਾਅਦ ਅੱਜ ਜਦੋਂ ਉਕਤ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕਦੇਹ ਨੂੰ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ’ਤੇ ਬੱਬਰੀ ਬਾਈਪਾਸ ਚੌਕ ’ਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਉਕਤ ਹਾਈਵੇ ਉੱਪਰ ਘੰਟਿਆਂ ਬੱਧੀ ਆਵਾਜਾਈ ਠੱਪ ਰਹੀ, ਜਿਸ ਦੌਰਾਨ ਮ੍ਰਿਤਕ ਦੇ ਵਾਰਿਸਾਂ ਨੇ ਇਹ ਦੋਸ਼ ਲਗਾਇਆ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਵੱਲੋਂ ਅਜੇ ਤੱਕ ਉਨ੍ਹਾਂ ਦੇ ਲੜਕੇ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਕਾਰਨ ਅੱਜ ਇਨਸਾਫ ਲੈਣ ਲਈ ਉਨ੍ਹਾਂ ਨੂੰ ਮਜਬੂਰੀ ਵੱਸ ਧਰਨਾ ਲਗਾਉਣਾ ਪੈ ਰਿਹਾ ਹੈ।

ਮ੍ਰਿਤਕ ਦੇ ਵਾਰਿਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਰਣਦੀਪ ਸਿੰਘ ਹੋਣਹਾਰ ਨੌਜਵਾਨ ਸੀ, ਜਿਸ ਨੇ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਬਕਾਇਦਾ ਇਕ ਵੀਡੀਓ ਰਿਕਾਰਡ ਕਰ ਕੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਹੀ ਪਿੰਡ ਦੇ ਇਕ ਵਿਅਕਤੀ ਨੇ ਉਸ ਨਾਲ ਬੁਰੀ ਤਰ੍ਹਾਂ ਗਾਲੀ-ਗਲੋਚ ਕੀਤਾ ਅਤੇ ਉਸ ਨੂੰ ਬੇਹੱਦ ਜਲੀਲ ਕੀਤਾ ਹੈ, ਜਿਸ ਤੋਂ ਦੁਖੀ ਹੋ ਕੇ ਉਹ ਮਜਬੂਰਨ ਖੁਦਕੁਸ਼ੀ ਕਰਨ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਰਣਦੀਪ ਸਿੰਘ ਨੇ ਸਖਤ ਮਿਹਨਤ ਕਰ ਕੇ ਆਪਣਾ ਕਾਰੋਬਾਰ ਚਲਾਇਆ ਸੀ, ਜਿਸ ਦੀ ਦੁੱਖਦਾਈ ਮੌਤ ਤੋਂ ਬਾਅਦ ਅੱਜ ਉਸ ਦੀ ਲਾਸ਼ ਚੌਥੇ ਦਿਨ ਬੱਬੇਹਾਲੀ ਵਾਲੀ ਨਹਿਰ ’ਚੋਂ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਤਿੱਬੜ ਥਾਣੇ ਦੀ ਪੁਲਸ ਨੇ ਉਨ੍ਹਾਂ ਦੇ ਪੁੱਤਰ ਨੂੰ ਕਥਿਤ ਤੌਰ ’ਤੇ ਗਾਲਾਂ ਕੱਢਣ ਵਾਲੇ ਵਿਅਕਤੀ ਖਿਲਾਫ ਪਰਚਾ ਦਰਜ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਉਸਦੀ ਗ੍ਰਿਫਤਾਰੀ ਨਹੀਂ ਕੀਤੀ ਗਈ।

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਕਤ ਗ੍ਰਿਫਤਾਰੀ ਨੂੰ ਗੁਰਦਾਸਪੁਰ ਦੇ ਇਕ ਸਿਆਸੀ ਆਗੂ ਅਤੇ ਉਸਦੇ ਪਰਿਵਾਰ ਵੱਲੋਂ ਰੁਕਵਾਇਆ ਜਾ ਰਿਹਾ ਹੈ ਕਿਉਂਕਿ ਇਸ ਪਰਿਵਾਰ ਦੀ ਨਾਮਜ਼ਦ ਵਿਅਕਤੀ ਨਾਲ ਨੇੜੇ ਦੀ ਰਿਸ਼ਤੇਦਾਰੀ ਹੈ, ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜਬੂਰਨ ਇੱਥੇ ਧਰਨਾ ਲਗਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਨਾਮਜ਼ਦ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਨੀ ਦੇਰ ਉਹ ਇਸ ਨੈਸ਼ਨਲ ਹਾਈਵੇ ਨੂੰ ਜਾਮ ਰੱਖਣਗੇ ਅਤੇ ਨਾ ਹੀ ਰਣਦੀਪ ਸਿੰਘ ਦਾ ਸੰਸਕਾਰ ਕਰਨਗੇ।

ਇਸ ਧਰਨੇ ਕਾਰਨ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਦੂਰ-ਦੂਰ ਤੱਕ ਟਰੱਕਾਂ ਅਤੇ ਹੋਰ ਹੈਵੀ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਦੌਰਾਨ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਧਰਨਾ ਖਤਮ ਕਰਨ ਲਈ ਰਾਜ਼ੀ ਨਹੀਂ ਹੋਏ ਅਤੇ ਉਨ੍ਹਾਂ ਨੇ ਅਖੀਰ ਤੱਕ ਇਹੀ ਮੰਗ ਰੱਖੀ ਕਿ ਸਭ ਤੋਂ ਪਹਿਲਾਂ ਦੋਸ਼ੀ ਨੂੰ ਲੱਭ ਕੇ ਗਿਰਫਤਾਰ ਕੀਤਾ ਜਾਵੇ ਜਿਸ ਦੇ ਬਾਅਦ ਹੀ ਉਹ ਇਥੋਂ ਉੱਠਣਗੇ। ਇਸ ਤਹਿਤ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

Read More : ਪੈਟਰੋਲ ਪਾ ਕੇ ਬੈਂਕ ਨੂੰ ਅੱਗ ਲਗਾਉਣ ਦੀ ਕੋਸ਼ਿਸ਼

Leave a Reply

Your email address will not be published. Required fields are marked *