ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਲ ਸਮੱਗਲਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਜ਼ਿਲਾ ਪੁਲਸ ਮੁਖੀ
ਸੰਗਰੂਰ, 9 ਜੂਨ -: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਰਾਮ ਨਗਰ ਬਸਤੀ ਉਭਾਵਾਲ ਰੋਡ ਵਿਖੇ ਨਸ਼ਾ ਸਮੱਗਲਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨਾਂ ਨੂੰ ਢਾਹਿਆ ਗਿਆ ਹੈ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਰਾਣੀ ਕੌਰ ਪਤਨੀ ਬਲਜਿੰਦਰ ਸਿੰਘ ਉਰਫ ਭਿੰਦਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਦਰਜਨ ਤੋਂ ਵੱਧ ਕੇਸ ਐੱਨ. ਡੀ. ਪੀ. ਐੱਸ. ਐਕਟ ਦੇ ਦਰਜ ਹਨ। ਇਸੇ ਤਰ੍ਹਾਂ ਮਨਦੀਪ ਸਿੰਘ ਉਰਫ ਸੋਨੂੰ ਪੁੱਤਰ ਲਾਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਵੀ ਦਰਜਨ ਦੇ ਕਰੀਬ ਕੇਸ ਐੱਨ. ਡੀ. ਪੀ. ਐੱਸ. ਐਕਟ ਦੇ ਦਰਜ ਹਨ ਤੇ ਇਨ੍ਹਾਂ ਵੱਲੋਂ ਨਾਜਾਇਜ਼ ਢੰਗ ਨਾਲ ਬਣਾਏ ਮਕਾਨ ਢਾਹੇ ਗਏ ਹਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਹਾਲ ਮਦਦ ਕਰ ਰਹੀ ਹੈ। ਇਸ ਸਬੰਧੀ ਜ਼ਿਲੇ ’ਚ ਸਰਕਾਰੀ ਨਸ਼ਾ ਛੁੜਾਊ ਤੇ ਮੁੜਵਸੇਵਾ ਕੇਂਦਰ ਕਾਰਰਸ਼ੀਲ ਹਨ।
ਜ਼ਿਲਾ ਪੁਲਿਸ ਮੁਖੀ ਨੇ ਨਸ਼ਾ ਸਮੱਲਗਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਲ ਸਮੱਗਲਰਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸ. ਪੀ. (ਜਾਂਚ) ਨਵਰੀਤ ਸਿੰਘ ਵਿਰਕ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਜ਼ਿਲਾ ਪੁਲਿਸ ਵੱਲੋਂ ਨਸ਼ਿਆਂ ਸਬੰਧੀ 307 ਕੇਸ ਦਰਜ ਕਰ ਕੇ 556 ਮੁਲਜ਼ਮ ਗ੍ਰਿਫਤਾਰ
ਇਸ ਸਾਲ ਮਾਰਚ ਮਹੀਨੇ ਤੋਂ ਲੈ ਕੇ ਹੁਣ ਤਕ ਜ਼ਿਲਾ ਪੁਲਸ ਵੱਲੋਂ ਨਸ਼ਿਆਂ ਸਬੰਧੀ 307 ਕੇਸ ਦਰਜ ਕਰ ਕੇ 556 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਤੇ 03 ਕਿਲੋ 700 ਗ੍ਰਾਮ ਅਫੀਮ, 06 ਕਿਲੋ 490 ਗ੍ਰਾਮ ਹੈਰੋਇਨ, 01 ਕਿਲੋ 413 ਗ੍ਰਾਮ ਸੁਲਫਾ, 02 ਕਿਲੋ 695 ਗ੍ਰਾਮ ਗਾਂਜਾ, 899 ਕਿਲੋ 925 ਗ੍ਰਾਮ ਭੁੱਕੀ, 400 ਗ੍ਰਾਮ ਨਾਰਕੋਟਿਕ ਪਾਊਡਰ, ਕਰੀਬ 32 ਹਜ਼ਾਰ ਨਸ਼ੀਲੀਆਂ ਗੋਲੀਆਂ, 79 ਸ਼ੀਸ਼ੀਆਂ ਅਤੇ ਕਰੀਬ 15 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।