2 ਪੁਲਸ ਮੁਲਾਜ਼ਮ ਜ਼ਖਮੀ, ਮੁਲਜ਼ਮ ਖਿਲਾਫ ਪਹਿਲਾਂ ਵੀ 10 ਮੁਕੱਦਮੇ ਦਰਜ : ਐੱਸ. ਐੱਚ. ਓ.
ਕਾਦੀਆਂ, 4 ਜੂਨ :– ਜ਼ਿਲਾ ਗੁਰਦਾਸਪੁਰ ਦੇ ਪੁਲਸ ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਮੁਰਾਦਪੁਰ ’ਚ ਇਕ ਮੁਲਜ਼ਮ ਨੂੰ ਫੜਨ ਗਈ ਪੁਲਸ ’ਤੇ ਪਿਉ-ਪੁੱਤ ਵੱਲੋਂ ਛੱਤ ’ਤੇ ਚੜ੍ਹ ਕੇ ਹਮਲਾ ਕੀਤਾ ਗਿਆ, ਜਿਸ ਦੌਰਾਨ 2 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਕਾਦੀਆਂ ਪੁਲਸ ਵੱਲੋਂ ਬੀਤੇ ਦਿਨੀਂ ਪਿੰਡ ਕੰਡੀਲਾ ਦੇ ਮਨਪ੍ਰੀਤ ਸਿੰਘ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੌਰਾਨ ਮਨਪ੍ਰੀਤ ਨੇ ਪੁਲਸ ਅੱਗੇ ਮੰਨਿਆ ਕਿ ਉਸ ਨੇ ਇਹ ਹੈਰੋਇਨ ਪਿੰਡ ਮੁਰਾਦਪੁਰ ਦੇ ਬਾਊ ਨਾਮਕ ਵਿਅਕਤੀ ਦੇ ਕੋਲੋਂ ਲਿਆਂਦੀ ਹੈ।
ਇਸ ਦੌਰਾਨ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੁਰਾਦਪੁਰ ਦੇ ਉਕਤ ਵਿਅਕਤੀ, ਜਿਸ ਖਿਲਾਫ ਪਹਿਲਾਂ ਵੀ 10 ਮੁਕੱਦਮੇ ਦਰਜ ਹਨ, ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਪਹੁੰਚੀ ਤਾਂ ਉਕਤ ਵਿਅਕਤੀ ਅਤੇ ਉਸਦੇ ਲੜਕੇ ਵੱਲੋਂ ਕੋਠੇ ’ਤੇ ਚੜ੍ਹ ਕੇ ਪੁਲਸ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ 2 ਮੁਲਾਜ਼ਮ ਜ਼ਖਮੀ ਹੋਏ, ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਦੋ ਢਾਈ ਘੰਟੇ ਦੌਰਾਨ ਪੁਲਸ ਵੱਲੋਂ ਉਕਤ ਮੁਲਜ਼ਮਾਂ ਨੂੰ ਫੜਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਇਨ੍ਹਾਂ ਦੋਵੇਂ ਪਿਉ-ਪੁੱਤ ਵੱਲੋਂ ਕੋਠੇ ਉੱਪਰ ਤੇਜ਼ਧਾਰ ਹਥਿਆਰ ਅਤੇ ਇੱਟਾਂ ਰੋੜੇ ਰੱਖੇ ਹੋਏ ਹੋਣ ਕਰ ਕੇ ਉਹ ਵਾਪਸ ਉਥੋਂ ਚਲੇ ਗਏ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਿਉਂਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ਿਆਂ ਦੇ ਸੌਦਾਗਰਾਂ ਨੂੰ ਜ਼ੇਲਾਂ ’ਚ ਬੰਦ ਕਰਨ ਲਈ ਇਹ ਕਾਰਵਾਈ ਕੀਤੀ ਗਈ ਹੈ।
ਦੂਜੇ ਪਾਸੇ ਮੁਲਜ਼ਮਾਂ ਨੇ ਕੋਠੇ ’ਤੇ ਚੜ੍ਹ ਕੇ ਇਹ ਕਿਹਾ ਕਿ ਸਾਡੇ ਉੱਪਰ ਪੁਲਸ ਵੱਲੋਂ ਕਥਿਤ ਤੌਰ ’ਤੇ ਝੂਠੇ ਕੇਸ ਪਾਏ ਜਾ ਰਹੇ ਹਨ।
Read More : ਨਸ਼ਾ ਮੁਕਤੀ ਯਾਤਰਾ ਦੇ ਨਿਕਲ ਰਹੇ ਸਾਰਥਕ ਸਿੱਟੇ : ਪ੍ਰਮੋਦ ਸਿੰਗਲਾ