ਪੈਰਿਸ ਓਲੰਪਿਕਸ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤਬਟਾਲਾ-ਪਿੰਡ ਕੋਟਲਾ ਸ਼ਾਹੀਆਂ ਵਿਖੇ 28 ਨਵੰਬਰ ਨੂੰ ਸ਼ੁਰੂ ਹੋਈਆਂ 31ਵੀਆਂ ਕਮਲਜੀਤ ਖੇਡਾਂ-2024 ਅਮਿੱਟ ਯਾਦਾਂ ਬਿਖੇਰਦੀਆਂ ਅੱਜ ਸਫਲਤਾਪੂਰਵਕ ਸੰਪੰਨ ਹੋਈਆਂ।
ਇਸ ਮੌਕੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ, ਗੁਰਬਖਸ ਸਿੰਘ ਸੰਧੂ, ਭਾਰਤੀ ਮੁੱਕੇਬਾਜ ਕੋਚ, ਭੁਪਿੰਦਰ ਸਿੰਘ ਮਾਨ ਸਾਬਕਾ ਐੱਮ. ਪੀ, ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ, ਬੂਟਾ ਸਿੰਘ ਮੱਲਿਆਂਵਾਲ, ਪ੍ਰੋ. ਧਿਆਨ ਸਿੰਘ ਅਤੇ ਸੁਖਦੇਵ ਸਿੰਘ ਰੰਧਾਵਾ ਸਮੇਤ ਵੱਖ-ਵੱਖ ਸ਼ਖਸੀਅਤਾਂ ਮੌਜੂਦ ਸਨ।
ਇਸ ਮੌਕੇ ਭਾਰਤੀ ਹਾਕੀ ਓਲੰਪਿਕਸ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਤੇਜਿੰਦਰ ਪਾਲ ਤੂਰ, ਅਰਜੁਨ ਚੀਮਾ ਤੇ ਮੁਹੰਮਦ ਇਆਸਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸੁਰਜੀਤ ਯਾਦਗਾਰੀ ਐਵਾਰਡ, ਹਾਕੀ ਓਲੰਪੀਅਨ ਸ਼ਮਸ਼ੇਰ ਸਿੰਘ ਨੂੰ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ, ਹਾਕੀ ਓਲੰਪੀਅਨ ਜਰਮਨਪ੍ਰੀਤ ਸਿੰਘ ਨੂੰ ਮਾਝੇ ਦਾ ਮਾਣ ਐਵਾਰਡ, ਓਲੰਪੀਅਨ ਅੈਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੂੰ ਕਮਲਜੀਤ ਯਾਦਗਾਰੀ ਐਵਾਰਡ, ਓਲੰਪੀਅਨ ਨਿਸ਼ਾਨੇਬਾਜ ਅਰਜੁਨ ਸਿੰਘ ਚੀਮਾ ਨੂੰ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਅਤੇ ਓਲੰਪੀਅਨ ਪੈਰਾ ਅੈਥਲੀਟ ਮੁਹੰਮਦ ਇਆਸਰ ਨੂੰ ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਸੁਰਜੀਤ ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆਂ ਵਿਖੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੇ ਪੰਜਾਬ ਦਾ ਨਾਅ ਦੇਸ਼-ਵਿਦੇਸ਼ ਦੀ ਧਰਤੀ ’ਚ ਉੱਚਾ ਕੀਤਾ।
ਵਿਧਾਇਕ ਸ਼ੈਰੀ ਕਲਸੀ, ਜੋ ਕਮਲਜੀਤ ਖੇਡਾਂ ਦੇ ਮੁੱਖ ਪ੍ਰਬੰਧਕ ਵੀ ਹਨ, ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਸਫਲ ਉਪਰਾਲੇ ਕੀਤੇ ਗਏ ਹਨ।