ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
ਪੰਜਾਬ ’ਚ ਸ਼ਾਮ ਵੇਲੇ ਤੇਜ਼ ਹਨੇਰੀ ਪਿੱਛੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ , ਜਿਸ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਣਕ ਦੀ ਖੇਤਾਂ ਵਿਚ ਵਾਢੀ ਲਈ ਤਿਆਰ ਫ਼ਸਲ ਅਤੇ ਮੰਡੀਆਂ ’ਚ ਕੱਟ ਕੇ ਲਿਆਂਦੀ ਫਸਲ ਮੀਂਹ ਕਾਰਨ ਭਿੱਜ ਗਈ। ਇਸ ਨਾਲ ਖੇਤਾਂ ਵਿਚ ਵਾਢੀ ਦੇ ਕੰਮ ’ਚ ਖੜੋਤ ਆਵੇਗੀ ਤੇ ਮੰਡੀਆਂ ਵਿਚ ਪਈ ਫ਼ਸਲ ਮੀਂਹ ਨਾਲ ਭਿੱਜਣ ਕਾਰਨ ਵਿਕਰੀ ਵਿਚ ਵੀ ਮੁਸ਼ਕਿਲ ਆਵੇਗੀ।
ਸੰਗਰੂਰ ’ਚ ਤੇਜ਼ ਹਵਾਵਾਂ ਦੇ ਕਾਰਨ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ, ਜਿੱਥੇ ਟਾਵਰ ਟੁੱਟੇ, ਓਥੇ ਹੀ ਇਕ ਚਲਦੀ ਕਾਰ ’ਤੇ ਦਰੱਖਤ ਵੀ ਡਿੱਗ ਗਿਆ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ’ਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਭਵਾਨੀਗੜ੍ਹ ’ਚ ਮੋਬਾਇਲ ਟਾਵਰ ਲੋਕਾਂ ਦੇ ਘਰਾਂ ਉੱਪਰ ਡਿੱਗਿਆ ਹੈ। ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ ਅਤੇ ਕਈ ਸਾਲਾ ਬਾਅਦ ਕਣਕ ਦੇ ਸੀਜ਼ਨ ਸਮੇਂ ਮੌਸਮ ਦੀ ਵੱਡੀ ਮਾਰ ਪਈ ਹੈ।

ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲਿਆਂ ਲਈ ਮੌਸਮ ਸਬੰਧੀ ਅਲਰਟ ਜਾਰੀ ਕੀਤਾ ਸੀ, ਜਿਸ ’ਚ ਅਗਲੇ 48 ਘੰਟਿਆਂ ਦੌਰਾਨ ਗਰਜ, ਮੀਂਹ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਗਈ ਸੀ। ਕਈ ਖੇਤਰਾਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਾਫ਼ੀ ਜ਼ਿਆਦਾ ਦਰਜ ਕੀਤਾ ਗਿਆ ਹੈ। ਅੱਜ ਤੋਂ ਹਰਿਆਣਾ ਵਿਚ ਵੀ ਮੌਸਮ ਵਿੱਚ ਕਾਫ਼ੀ ਬਦਲਾਅ ਆਉਣ ਦੀ ਉਮੀਦ ਹੈ।
ਆਈ. ਐੱਮ. ਡੀ. ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐੱਸ. ਏ. ਐੱਸ. ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਲਈ ਓਰੇਂਜ ਅਲਰਟ ਜਾਰੀ ਕੀਤੀ, ਜੋ ਸੰਭਾਵੀ ਗਰਜ ਅਤੇ ਭਾਰੀ ਮੀਂਹ ਦਾ ਸੰਕੇਤ ਹੈ।

ਇਸ ਤੋਂ ਇਲਾਵਾ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ, ਜਿਸ ’ਚ ਦਰਮਿਆਨੀ ਬਾਰਿਸ਼ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ।

