ਹੈਰੋਇਨ ਬਰਾਮਦਗੀ ਦੇ ਕੇਸ ’ਚ ਨਾਮਜ਼ਦ ਸੀ ਮੁਲਜ਼ਮ
ਪਟਿਆਲਾ -: ਸਿਵਲ ਲਾਈਨ ਦੀ ਪੁਲਸ ਵੱਲੋਂ 50 ਗ੍ਰਾਮ ਹੈਰੋਇਨ ਦੀ ਬਰਾਮਦਗੀ ਵਿਚ ਨਾਮਜ਼ਦ ਮੁਲਜ਼ਮ ਨੂੰ ਜਦੋਂ ਪੁਲਸ ਪਾਰਟੀ ਮਾਣਯੋਗ ਅਦਾਲਤ ’ਚ ਪੇਸ਼ ਕਰਨ ਲਈ ਲਿਜਾ ਰਹੀ ਸੀ ਤਾਂ ਮੁਲਜ਼ਮ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸਦੀ ਸਰਕਾਰੀ ਰਾਜਿੰਦਰਾ ਹਪਸਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਰਵੀ ਕੁਮਾਰ ਵਾਸੀ ਰੰਗੇ ਸ਼ਾਹ ਕਾਲੋਨੀ ਪਟਿਆਲਾ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਅੱਜ ਸਬ-ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਉਸ ਅਦਾਲਤ ’ਚ ਪੇਸ਼ ਕਰਨ ਲਈ ਲਿਆ ਰਹੀ ਸੀ ਤਾਂ ਚੌਥੀ ਮੰਜਿਲ ਤੋਂ ਪੁਲਸ ਕਸਟਡੀ ’ਚੋਂ ਭੱਜ ਕੇ ਤੀਜੇ ਫਲੌਰ ’ਤੇ ਆ ਗਿਆ। ਇਥੋਂ ਰੈਂਪ ਦੇ ਨਾਲ ਛਾਲ ਮਾਰ ਦਿੱਤੀ ਅਤੇ ਥੱਲੇ ਡਿੱਗ ਕੇ ਜ਼ਖਮੀ ਹੋ ਗਿਆ।
ਪੁਲਸ ਪਾਰਟੀ ਨੇ ਉਸ ਨੂੰ ਆਪਣੀ ਗੱਡੀ ’ਚ ਚੁੱਕ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾ ਦਿੱਤਾ ਹੈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਵੀ ਕੁਮਾਰ ਦੇ ਖਿਲਾਫ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ਅਤੇ ਥਾਣਾ ਕੋਤਵਾਲੀ ਵਿਖੇ ਐੱਨ. ਡੀ. ਪੀ. ਐੱਸ. ਅਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਹੈ।