ਐੱਸ. ਐੱਚ. ਓ. ਸਮੇਤ 6 ਕਰਮਚਾਰੀ ਮੁਅੱਤਲ
ਮਲੋਟ :-ਬੀਤੀ ਰਾਤ ਨੂੰ ਲੰਬੀ ਪੁਲਸ ਸਬ-ਡਵੀਜ਼ਨ ਦੇ ਥਾਣਾ ਕਬਰਵਾਲਾ ’ਚ ਹਵਾਲਾਤ ’ਚ ਬੰਦ ਤਿੰਨ ਮੁਲਜ਼ਮ ਜੰਗਲਾ ਤੋੜ ਕੇ ਫਰਾਰ ਹੋ ਗਏ। ਥਾਣੇ ਅੰਦਰ ਹੋਈ ਇਸ ਕਾਰਵਾਈ ਨਾਲ ਪਤਾ ਲੱਗਣ ’ਤੇ ਪੂਰੇ ਜ਼ਿਲੇ ਦੀ ਪੁਲਸ ’ਚ ਹਲ-ਚਲ ਮੱਚ ਗਈ। ਪੁਲਸ ਨੇ ਇਸ ਘਟਨਾ ਨੂੰ ਲਾਪ੍ਰਵਾਹੀ ਮੰਨਦਿਆਂ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਹੈ, ਜਦਕਿ ਡਿਊਟੀ ’ਤੇ ਹਾਜ਼ਰ ਇਕ ਸਹਾਇਕ ਥਾਣੇਦਾਰ ਤੇ ਮੁਨਸ਼ੀ ਸਮੇਤ 5 ਕਰਮਚਾਰੀਆਂ ਅਤੇ 3 ਫਰਾਰ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦੇ 18 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਸ ਅਧਿਕਾਰੀ ਇਸ ਮਾਮਲੇ ’ਚ ਕੁਝ ਬੋਲਣ ਤੋਂ ਟਲ ਰਹੇ ਹਨ।
ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਸੀ. ਆਈ. ਏ. ਸਟਾਫ ਵੱਲੋਂ ਟਰੱਕ ’ਤੇ 3 ਕੁਵਿੰਟਲ 30 ਕਿੱਲੋ ਪੋਸਤ ਸਮੇਤ ਕਾਬੂ ਬੂਟਾ ਸਿੰਘ ਪੁੱਤਰ ਨਰੰਜਨ ਸਿੰਘ ਵਾਸੀ ਤਾਜਾਂ ਵਾਲੀ ਬਸਤੀ ਸ੍ਰੀ ਮੁਕਤਸਰ ਸਾਹਿਬ ਤੇ ਲਵਟੈਨ ਸਿੰਘ ਲਵ ਪੁੱਤਰ ਜਸਵਿੰਦਰ ਸਿੰਘ ਵਾਸੀ ਢਾਣੀ ਚਿਰਾਗ ਜ਼ਿਲਾ ਫਾਜ਼ਲਿਕਾ ਪੁਲਸ ਰਿਮਾਂਡ ’ਤੇ ਚੱਲ ਰਹੇ ਸਨ ਜਦਕਿ 11 ਫਰਵਰੀ 2025 ਨੂੰ ਕਬਰਵਾਲਾ ਥਾਣਾ ’ਚ ਦਰਜ ਇਕ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲੇ ਦਾ ਦੋਸ਼ੀ ਸ਼ਮਸ਼ੇਰ ਸਿੰਘ ਸ਼ਮੀ ਵੀ ਗ੍ਰਿਫਤਾਰ ਹੋਣ ਕਰ ਕੇ ਹਵਾਲਾਤ ’ਚ ਬੰਦ ਸੀ।
ਸ਼ਨੀਵਾਰ ਰਾਤ ਸਾਢੇ 10 ਵਜੇ ਦੇ ਕਰੀਬ ਤਿੰਨਾਂ ਮੁਲਜ਼ਮਾਂ ਨੇ ਹਵਾਲਾਤ ਦੀ ਕੰਧ ’ਚ ਹਵਾ ਲਈ ਰੱਖੀ ਬਾਰੀ ਦੇ ਪੁਰਾਣੇ ਜੰਗਲੇ ਨੂੰ ਪੁੱਟ ਦਿੱਤਾ ਤੇ ਥਾਣੇ ਦੀ ਕੰਧ ਟੱਪ ਕੇ ਫਰਾਰ ਹੋ ਗਏ।
ਇਸ ਮਾਮਲੇ ਦਾ ਥਾਣੇ ’ਚ ਹਾਜ਼ਰ ਕਰਮਚਾਰੀਆਂ ਨੂੰ ਥੋੜੀ ਦੇਰ ਬਾਅਦ ਪਤਾ ਚੱਲਿਆ, ਜਿਸ ਤੋਂ ਬਾਅਦ ਵਿਭਾਗ ’ਚ ਹਿਲਜੁੱਲ ਸ਼ੁਰੂ ਹੋ ਗਈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਲੰਬੀ ਜਸਪਾਲ ਸਿੰਘ ਧਾਲੀਵਾਲ ਤੇ ਜ਼ਿਲਾ ਪੁਲਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਰਾਤ ਭਰ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਮਾਮਲੇ ’ਚ ਜ਼ਿਲਾ ਪੁਲਸ ਕਪਤਾਨ ਨੇ ਵੀ ਅੱਜ ਸਵੇਰੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।
ਪੁਲਸ ਅਧਿਕਾਰੀਆਂ ਨੇ ਇਸ ਅਣਗਿਹਲੀ ਕਰ ਕੇ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਦਵਿੰਦਰ ਕੁਮਾਰ, ਏ. ਐੱਸ. ਆਈ. ਜਰਨੈਲ ਸਿੰਘ, ਡਿੳੂਟੀ ਮੁਨਸ਼ੀ ਕਾਂਸਟੇਬਲ ਨਰਿੰਦਰ ਸਿੰਘ, ਹੋਮਗਾਰਡ ਮਹਿਤਾਬ ਸਿੰਘ, ਗੁਰਮੀਤ ਸਿੰਘ ਤੇ ਨਿਰਮਲ ਸਿੰਘ ਨੂੰ ਮੁਅੱਤਲ ਕਰ ਦਿੱਤਾ।ਪੁਲਸ ਵੱਲੋਂ ਇਕ ਵੱਖਰੀ ਕਾਰਵਾਈ ਤਹਿਤ ਏ. ਐੱਸ. ਆਈ. ਜਰਨੈਲ ਸਿੰਘ, ਕਾਂਸਟੇਬਲ ਨਰਿੰਦਰ ਸਿੰਘ, ਪੀ. ਐੱਚ. ਜੀ. ਮਹਿਤਾਬ ਸਿੰਘ, ਨਿਰਮਲ ਸਿੰਘ ਤੇ ਗੁਰਮੀਤ ਸਿੰਘ ਤੇ ਤਿੰਨਾਂ ਫਰਾਰ ਮੁਲਜ਼ਮਾਂ ਬੂਟਾ ਸਿੰਘ, ਲਵਟੈਨ ਸਿੰਘ ਤੇ ਸ਼ਮਸ਼ੇਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ’ਚ ਜ਼ਿਲਾ ਪੁਲਸ ਦੇ ਸੀਨੀਅਰ ਕਪਤਾਨ ਡਾ. ਅਖਿਲ ਚੌਧਰੀ ਨੇ ਇਸ ਘਟਨਾ ’ਤੇ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਪੁਲਸ ਟੀਮਾਂ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਫਰਾਰ ਮੁਲਜ਼ਮਾਂ ’ਚੋਂ ਬੂਟਾ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਹੈ।
