‘ਯੁੱਧ ਨਸ਼ਿਆਂ ਵਿਰੁੱਧ’ਤਹਿਤ ਜਾਗਰੂਕਤਾ ਮਾਰਚ ਜਾਰੀ ਰਹੇਗਾ : ਰਾਜਪਾਲ

ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਇਆ ਪੈਦਲ ਮਾਰਚ ਜਲਿਆਂਵਾਲਾ ਬਾਗ ਵਿਖੇ ਸਮਾਪਤ

ਅੰਮ੍ਰਿਤਸਰ :-ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵੱਲੋਂ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤਾ ਗਿਆ ਜਾਗਰੂਕਤਾ ਮਾਰਚ ਅੱਜ ਜਲਿਆਂਵਾਲਾ ਬਾਗ ਪਹੁੰਚ ਕੇ ਸਮਾਪਤ ਹੋਇਆ।
ਰਾਜਪਾਲ ਪੰਜਾਬ ਨੇ ਸ਼ਹੀਦਾਂ ਦੀ ਖੂਨ ਨਾਲ ਰੰਗੀ ਧਰਤੀ ਜਲਿਆਂਵਾਲਾ ਬਾਗ਼ ਤੋਂ ਪੰਜਾਬੀਆਂ ਨੂੰ ਮੁਖਾਤਿਬ ਹੁੰਦੇ ਦੇਸ਼ ਅਤੇ ਧਰਮ ਦੀ ਖ਼ਾਤਰ ਸ਼ਹੀਦੀਆਂ ਪਾਉਣ ਵਾਲੇ ਵਡੇਰਿਆਂ ਦਾ ਹਵਾਲਾ ਦੇ ਕੇ ਜ਼ਮੀਰ ਨੂੰ ਹਲੂਣਾ ਦਿੱਤਾ ਅਤੇ ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਅਤੇ ਧਰਮ ਦੀ ਖ਼ਾਤਰ ਸਭ ਤੋਂ ਵੱਧ ਸ਼ਹੀਦੀਆਂ ਪਾਉਣ ਵਾਲੇ ਪੰਜਾਬ ਸੂਬੇ ਵਿਚ ਨਸ਼ੇ ਦੀ ਬੁਰੀ ਆਦਤ ਲਈ ਕੋਈ ਜਗ੍ਹਾ ਨਹੀਂ। ਪੈਦਲ ਯਾਤਰਾ ਦੇ ਆਖਰੀ ਦਿਨ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਨ ਅੰਦੋਲਨ ਖੜ੍ਹਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੀ ਬੀਮਾਰੀ ਕੇਵਲ ਮੈਂ ਜਾਂ ਸਰਕਾਰਾਂ ਖਤਮ ਨਹੀਂ ਕਰ ਸਕਦੀਆਂ, ਜਿੰਨਾ ਚਿਰ ਆਮ ਲੋਕਾਂ ਦਾ ਸਾਥ ਇਸ ਮੁਹਿੰਮ ਨੂੰ ਨਹੀਂ ਮਿਲ ਜਾਂਦਾ।
ਉਨ੍ਹਾਂ ਮੰਚ ’ਤੇ ਹਾਜ਼ਰ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁੱਦੇ ਉੱਤੇ ਰਾਜਨੀਤੀ ਨਾ ਕਰਨ ਬਲਕਿ ਸਾਰੇ ਸੁਹਿਰਦ ਹੋ ਕੇ ਇਸ ਨੂੰ ਖਤਮ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਇਹ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਸਿਰਫ ਰਾਜਪਾਲ ਦੀ ਯਾਤਰਾ ਨਹੀਂ ਸਗੋਂ ਜਨ-ਜਨ ਦਾ ਅੰਦੋਲਨ ਬਣ ਕੇ ਤਿਆਰ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਹੱਦ ’ਤੇ ਪਿੰਡਾਂ ਦੀ ਸੁਰੱਖਿਆ ਲਈ ਬਣਾਈਆਂ ਗਈਆਂ ਸੁਰੱਖਿਆ ਕਮੇਟੀਆਂ ਜੋ ਕਿ ਨਸ਼ੇ ਦੀ ਸਮੱਗਲਿੰਗ ਰੋਕਣ ਲਈ ਵਧੀਆ ਕੰਮ ਕਰ ਰਹੀਆਂ ਹਨ, ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਪਿੰਡਾਂ ਦੇ ਵਿਕਾਸ ਲਈ ਹੋਰ ਫੰਡ ਦਿੱਤੇ ਜਾਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਰਾਜਪਾਲ ਪੰਜਾਬ ਨੇ ਸਵੇਰੇ ਤੜਕੇ 4 ਵਜੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਾਹਿਗੁਰੂ ਦੀ ਓਟ ਆਸਰਾ ਲਿਆ। ਉਨ੍ਹਾਂ ਪਾਲਕੀ ਸਾਹਿਬ ਨੂੰ ਮੋਢਾ ਦਿੱਤਾ ਤੇ ਸੇਵਾ ਕੀਤੀ। ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆਂ ਨੇ ਭੰਡਾਰੀ ਪੁਲ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ ਜੋ ਕਿ ਹਾਲ ਬਾਜ਼ਾਰ ਰਾਹੀਂ ਹੁੰਦੇ ਹੋਏ ਜਲਿਆਂਵਾਲਾ ਬਾਗ਼ ਵਿਖੇ ਆ ਕੇ ਸਮਾਪਤ ਹੋਈ।
ਇਸ ਮੌਕੇ ਸ਼ਹਿਰ ਦੀਆਂ ਨਾਮੀ ਹਸਤੀਆਂ ਤੋਂ ਇਲਾਵਾ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਸੁਨੀਲ ਜਾਖੜ, ਵਿਵੇਕ ਪ੍ਰਤਾਪ ਸਿੰਘ ਪ੍ਰਿੰਸੀਪਲ ਸੈਕਟਰੀ, ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਸ, ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ, ਗੁਰਮੀਤ ਸਿੰਘ ਰਾਣਾ ਸੋਢੀ, ਜਲਿਆਂ ਵਾਲੇ ਬਾਗ ਦੇ ਸੈਕਟਰੀ ਮੁਖਰਜੀ, ਲੇਖਕ ਖੁਸ਼ਵੰਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *