ਵਿਜੈਇੰਦਰ ਸਿੰਗਲਾ ਦੀ ਅਗਵਾਈ ’ਚ ਕਾਂਗਰਸ ਦੇ 9 ਕੌਂਸਲਰਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ

ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਹਾਲੇ ਤੱਕ ਨਹੀਂ ਚੁਕਵਾਈ ਸਹੁੰ : ਕੌਂਸਲਰ

ਸੰਗਰੂਰ ਦੇ 9 ਨਗਰ ਕੌਂਸਲਰਾਂ ਨੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਇਕ ਚਿੱਠੀ ਭੇਜੀ ਹੈ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਚੋਣ ਨੂੰ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਪਰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਉਨ੍ਹਾਂ ਨੂੰ ਕੋਈ ਸਹੁੰ ਚੁਕਾਉਣ ਜਾਂ ਹਾਊਸ ਗਠਿਤ ਕਰਨ ਦੀ ਕੋਈ ਪ੍ਰਕ੍ਰਿਆ ਸ਼ੁਰੂ ਨਹੀਂ ਕੀਤੀ, ਜਿਸ ਨਾਲ ਜਿੱਥੇ ਪੰਜਾਬ ਮਿਊਂਸੀਪਲ ਐਕਟ ਦੇ ਨਿਯਮਾਂ ਦੀ ਅਣਦੇਖੀ ਹੋ ਰਹੀ ਹੈ, ਉੱਥੇ ਸ਼ਹਿਰ ਦੇ ਵਿਕਾਸ ਵਿਚ ਵੱਡਾ ਅੜਿੱਕਾ ਬਣਿਆ ਹੋਇਆ ਹੈ।
ਕਾਂਗਰਸ ਦੇ ਕੌਂਸਲਰਾਂ ਨੇ ਕਿਹਾ ਕਿ ਉਨਾਂ ਦੀ ਚੋਣ 26 ਦਸੰਬਰ 2024 ਨੂੰ ਲੋਕਤੰਤਰੀ ਤਰੀਕੇ ਨਾਲ ਹੋ ਚੁੱਕੀ ਹੈ। ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 24 ਦੇ ਅਨੁਸਾਰ ਕੋਈ ਵੀ ਜਿੱਤਿਆ ਮੈਂਬਰ ਸਹੁੰ ਚੁੱਕਣ ਤੋਂ ਬਿਨਾਂ ਵਿਕਾਸ ਸਬੰਧੀ ਕੋਈ ਕੰਮ ਨਹੀਂ ਕਰ ਸਕਦਾ, ਜਿਸ ਕਾਰਨ ਉਹ ਕੋਈ ਕੰਮ ਕਰਨ ਤੋਂ ਬਿਲਕੁਲ ਆਹਰੀ ਹਨ। ਉਨ੍ਹਾਂ ਕਿਹਾ ਕਿ ਐਕਟ ਮੁਤਾਬਕ ਚੋਣ ਤੋਂ 14 ਦਿਨਾਂ ਦੇ ਅੰਦਰ-ਅੰਦਰ ਇਹ ਸਾਰੀ ਕਾਰਵਾੲਂੀ ਕਰਵਾਉਣੀ ਜ਼ਰੂਰੀ ਹੁੰਦੀ ਹੈ।
ਉਨ੍ਹਾਂ ਆਖਿਆ ਕਿ ਸੰਗਰੂਰ ਪ੍ਰਸ਼ਾਸਨ ਨੇ ਚੋਣ ਨੂੰ ਤਿੰਨ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋਣ ਦੇ ਬਾਵਜੂਦ ਵੀ ਕਿਸੇ ਵੀ ਮੈਂਬਰ ਨੂੰ ਸਹੁੰ ਨਹੀਂ ਚੁਕਵਾਈ। ਉਨ੍ਹਾਂ ਮੰਗ ਕੀਤੀ ਕਿ ਸੰਗਰੂਰ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਵੇ ਕਿ ਛੇਤੀ ਤੋਂ ਛੇਤੀ ਸਾਰੀ ਪ੍ਰਕ੍ਰਿਆ ਪੂਰੀ ਕਰ ਕੇ ਕੌਂਸਲ ਮੈਂਬਰਾਂ ਨੂੰ ਸਹੁੰ ਚੁਕਾਉਣ ਤੇ ਨੋਟਂੀਫਿਕੇਸ਼ਨ ਸਬੰਧੀ ਅਮਲ ਪੂਰਾ ਕੀਤਾ ਜਾਵੇ।
ਕਾਂਗਰਸ ਦੇ ਨਗਰ ਕੌਂਸਲਰਾਂ ’ਚ ਸੁਰਿੰਦਰ ਸਿੰਘ ਭਿੰਡਰ, ਅੰਜੂ ਸ਼ਰਮਾ, ਹਿਮਾਂਸ਼ੂ ਗਾਬਾ, ਬੀਬੀ ਬਲਵੀਰ ਕੌਰ ਸੈਣੀ, ਨੱਥੂ ਲਾਲ ਢੀਂਗਰਾ, ਮਨੋਜ ਕੁਮਾਰ ਮਨੀ ਕਥੂਰੀਆ, ਸੀਮਾ ਚਾਵਲਾ, ਜੋਤੀ ਪ੍ਰਕਾਸ਼ ਗਾਬਾ ਤੇ ਦੀਪਕ ਗੋਇਲ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਨਾਲ ਬਲਾਕ ਪ੍ਰਧਾਨ ਰੌਕੀ ਬਾਂਸਲ ਵੀ ਹਾਜ਼ਰ ਸਨ।
ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹ ਬੇਹੱਦ ਮਾੜੀ ਗੱਲ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਜਿੱਤੇ ਕੌਂਸਲਰਾਂ ਨੂੰ ਸਹੁੰ ਤੱਕ ਨਹੀਂ ਚੁਕਵਾਈ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸੰਗਰੂਰ ਪ੍ਰਸ਼ਾਸਨ ਲੋਕਾਂ ਦੇ ਵਿਕਾਸ ਕੰਮ ਚਲਦੇ ਵੇਖਣਾ ਨਹੀਂ ਚਾਹੁੰਦੇ, ਜਿਸ ਕਾਰਨ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਸੱਤਾਧਾਰੀ ਪਾਰਟੀ ਦੀ ਆਪਣੀ ਕਸ਼ਮਕਸ਼ ਕਾਰਨ ਸ਼ਹਿਰ ਦੇ ਵਿਕਾਸ ’ਚ ਖੜੌਤ ਆਈ ਹੈ, ਉਥੇ ਲੋਕਤੰਤਰੀ ਤਰੀਕੇ ਨਾਲ ਹੋਈਆਂ ਚੋਣਾਂ ’ਚ ਲੋਕਾਂ ਦੀਆਂ ਵੋਟਾਂ ਦੀ ਵੀ ਬੇਕਦਰੀ ਹੋ ਰਹੀ ਹੈ। ਉਨ੍ਹਾਂ ਵੀ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਜਿੱਤੇ ਕੌਂਸਲਰਾਂ ਨੂੰ ਸਹੁੰ ਚੁਕਵਾ ਕੇ ਸ਼ਹਿਰ ’ਚ ਵਿਕਾਸ ਦੇ ਕੰਮ ਆਰੰਭ ਕਰਵਾਏ ਜਾਣ।

Leave a Reply

Your email address will not be published. Required fields are marked *