ਪੰਜਾਬ ਸਰਕਾਰ ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ ਫਸਲ ਦੀ ਤੁਰੰਤ ਅਦਾਇਗੀ ਲਈ ਵਚਨਬੱਧ : ਨਰਿੰਦਰ ਕੌਰ
ਸੰਗਰੂਰ – : ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਅਚਨਚੇਤ ਅਨਾਜ ਮੰਡੀ ਸੰਗਰੂਰ ਦਾ ਦੌਰਾ ਕਰ ਕੇ ਕਣਕ ਦੀ ਸਰਕਾਰੀ ਖਰੀਦ ਲਈ ਮਾਰਕਿਟ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮੁੱਚੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਸਮੇਤ ਹੋਰ ਵਰਗਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਵਿਧਾਇਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਖਰੀਦੀ ਗਈ ਫਸਲ ਦੀ ਤੁਰੰਤ ਅਦਾਇਗੀ ਲਈ ਵਚਨਬੱਧ ਹੈ, ਜਿਸ ਲਈ ਸੀ. ਸੀ. ਐੱਲ. ਪਹਿਲਾਂ ਹੀ ਨਵਿਆਈ ਜਾ ਚੁੱਕੀ ਹੈ।
ਵਿਧਾਇਕ ਭਰਾਜ ਨੇ ਕਿਹਾ ਕਿ ਹਾਲੇ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ ਪਰ ਫਿਰ ਵੀ ਉਹ ਰੋਜ਼ਾਨਾ ਦੇ ਆਧਾਰ ’ਤੇ ਮੰਡੀਆਂ ਵਿਚ ਕਣਕ ਦੀ ਸਰਕਾਰੀ ਖ਼ਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਖੁਦ ਜਾਇਜ਼ਾ ਲੈ ਰਹੇ ਹਨ ਅਤੇ ਅਧਿਕਾਰੀਆਂ ਨੂੰ ਸਮੁੱਚੇ ਪ੍ਰਬੰਧ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਹਦਾਇਤਾਂ ਦੇ ਰਹੇ ਹਨ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੰਡੀ ਅਧਿਕਾਰੀਆਂ ਨੂੰ ਸਾਫ਼ ਸਫਾਈ, ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ, ਬੈਠਣ ਵਿਵਸਥਾ ਦਾ ਨਿਰੰਤਰ ਧਿਆਨ ਰੱਖਣ ਅਤੇ ਜੇਕਰ ਕਿਸੇ ਵਰਗ ਨੂੰ ਕੋਈ ਦਿੱਕਤ ਆ ਰਹੀ ਹੋਵੇ ਤਾਂ ਉਸ ਦਾ ਯੋਗ ਹੱਲ ਕਰਨਾ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ।
ਉਨ੍ਹਾਂ ਦੱਸਿਆ ਕਿ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਸਮੇਂ ਸਮੇਂ ’ਤੇ ਅਨਾਜ ਮੰਡੀਆਂ ਦੀ ਅਚਨਚੇਤ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਐੱਸ. ਡੀ. ਐੱਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
