ਪਟਿਆਲਾ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਪੰਜਾਬ ’ਚ ਲੋਕਤੰਤਰ ਦੀ ਥਾਂ ’ਤੇ ਛਲਤੰਤਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਹਾਸਲ ਕਰਨ ਤੋਂ ਬਾਅਦ ਵਾਅਦਿਆਂ ਤੋਂ ਮੁਕਰੇ ਹੀ ਨਹੀਂ, ਸਗੋਂ ਹੱਕ ਮੰਗਣ ਵਾਲੇ ਲੋਕਾਂ ’ਤੇ ਜਬਰ, ਅਨਿਆਂ ਅਤੇ ਧੱਕਾ ਵਰਤ ਕੇ ਹੱਕ ਸੱਚ ਲਈ ਲਡ਼ਨ ਵਾਲੇ ਲੋਕਾਂ ਦੀ ਆਵਾਜ਼ ਬੰਦ ਕਰ ਕੇ ਮਾਹੌਲ ਪੈਦਾ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਖਾਸ ਤੌਰ ਕਿਸਾਨਾਂ ਨੂੰ ਮੀਟਿੰਗ ’ਤੇ ਸੱਦ ਕੇ ਗ੍ਰਿਫਤਾਰ ਕੀਤਾ ਗਿਆ। ਇਹ ਇਹਿਤਾਸ ’ਚ ਪਹਿਲੀ ਵਾਰ ਜੱਗੋ ਤੇਰਵੀਂ ਹੋਈ ਹੈ। ਇਸ ਨੂੰ ਸੂਬੇ ’ਚ ਲੋਕਤੰਤਰ ਦੀ ਥਾਂ ’ਤੇ ਛਲਤੰਤਰ ਦਾ ਆਗਾਜ਼ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕੀਮਤੀ ਸਾਮਾਨ ਲੁੱਟ ਕੇ ਲੈ ਗਏ। ਜਿਹਡ਼ੇ ਕਿਸਾਨਾਂ ਨੇ ਲੁੱਟੀਆਂ ਹੋਈਆਂ ਟਰੈਕਟਰ-ਟਰਾਲੀਆਂ ਬਰਾਮਦ ਕੀਤੀਆਂ ਤਾਂ ਉਨ੍ਹਾਂ ਬਰਾਮਦ ਕਰਨ ਵਾਲੇ ਕਿਸਾਨਾਂ ’ਤੇ ਹੀ ਕੇਸ ਦਰਜ ਕਰ ਦਿੱਤੇ ਗਏ। ਜਦੋਂ ਕਿ ਲੁੱਟਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਗਈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਹਿਲਾਂ ਵਾਰ ਪਟਵਾਰੀ, ਤਹਿਸੀਲਦਾਰਾਂ ’ਤੇ ਪੀ. ਸੀ. ਐੱਸ. ਅਧਿਕਾਰੀਆਂ ਨੂੰ ਡਰਾ-ਧਮਕਾ ਕੇ ਅਤੇ ਲੋਕਾਂ ਦੇ ਘਰ ਢਾਹ ਕੇ ਦਹਿਸ਼ਤ ਦਾ ਮਾਹੌਲ ਸਿਰਜਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਲੋਕਤੰਤਰ ਬਹਾਲ ਕਰੇ ਅਤੇ ਕਿਸਾਨਾਂ ਦਾ ਲੁੱਟਿਆ ਸਾਮਾਨ ਵਾਪਸ ਕਰੇ ਤੇ ਕਿਸਾਨਾਂ ’ਤੇ ਦਰਜ ਕੇਸ ਵਾਪਸ ਕੀਤੇ ਜਾਣ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਖੇਰੁੰ-ਖੇਰੁੰ ਹੋਈ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਅਤੇ ਅਲੱਗ-ਅਲੱਗ ਹੋਏ ਅਕਾਲੀ ਦਲ ਨੂੰ ਜੋਡ਼ਨ ਦੀ ਵਿਉਂਤਬੰਦੀ ਦਾ ਫਾਰਮੂਲਾ ਜੋ ਸੁਣਾਇਆ ਗਿਆ ਸੀ, ਉਸ ’ਤੇ ਅਮਲ ਕਰਨ ਦੀ ਜ਼ਰੂਰਤ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਦੀ ਅਗਵਾਈ ਹੇਠ ਭਰਤੀ ਕਰ ਕੇ ਅਕਾਲੀ ਦਲ ਨੂੰ ਮੁਡ਼ ਸੁਰਜੀਤ ਕਰਨ ਵੱਲ ਹੰਭਲਾ ਮਾਰਨ ਦੀ ਜ਼ਰੂਰਤ ਹੈ।
ਇਸ ਮੌਕੇ ਭੁਪਿੰਦਰ ਸਿੰਘ ਸ਼ੇਖੁਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਜੋਗਾ ਸਿੰਘ ਸ਼ਾਦੀਪੁਰ, ਦਵਿੰਦਰ ਸਿੰਘ ਗੋਲੂ ਅਤੇ ਹਰਚੰਦ ਸਿੰਘ ਜਖਵਾਲੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
