ਚੱਲਦੀ ਕਾਰ ‘ਤੇ ਡਿੱਗਿਆ ਟਰੱਕ, 6 ਲੋਕਾਂ ਦੀ ਮੌਤ
ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਟਰੱਕ ਚੱਲਦੀ ਕਾਰ ਉੱਤੇ ਜਾ ਡਿੱਗਿਆ। ਕਾਰ ‘ਚ ਸਵਾਰ ਸਾਰੇ 6 ਲੋਕਾਂ ਦੀ ਟਰੱਕ ਹੇਠਾਂ ਦੱਬਣ ਨਾਲ ਦਰਦਨਾਕ ਮੌਤ ਹੋ ਗਈ।
ਇਹ ਹਾਦਸਾ ਬੀਕਾਨੇਰ ਤੋਂ ਕਰੀਬ 20 ਕਿਲੋਮੀਟਰ ਦੂਰ ਪਲਾਨਾ-ਦੇਸ਼ਨੋਕ ਪੁਲ ‘ਤੇ ਵਾਪਰਿਆ। ਸੂਚਨਾ ਮਿਲਣ ‘ਤੇ ਐਸਪੀ ਕਵੇਂਦਰ ਸਾਗਰ ਅਤੇ ਬੀਕਾਨੇਰ ਰੇਂਜ ਆਈਜੀ ਓਮਪ੍ਰਕਾਸ਼ ਪਾਸਵਾਨ ਮੌਕੇ ‘ਤੇ ਪਹੁੰਚੇ ਅਤੇ ਹਾਦਸੇ ਦੀ ਜਾਣਕਾਰੀ ਲਈ।
ਮ੍ਰਿਤਕਾਂ ਦੀਆਂ ਲਾਸ਼ਾਂ ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਬੀਕਾਨੇਰ ਦੇ ਐਸਪੀ ਕਵੇਂਦਰ ਸਾਗਰ ਨੇ ਦੱਸਿਆ ਕਿ ਇਹ ਹਾਦਸਾ ਪਲਾਨਾ ਦੇਸ਼ਨੋਕ ਸਥਿਤ ਪੁਲ ‘ਤੇ ਵਾਪਰਿਆ। ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਕਾਰ ‘ਤੇ ਪਲਟ ਗਿਆ। ਟਰੱਕ ਕੋਲੇ ਨਾਲ ਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਕਾਰ ‘ਚ ਫਸੇ ਲੋਕਾਂ ਨੂੰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ।
ਮੌਕੇ ‘ਤੇ ਜੇਸੀਬੀ ਅਤੇ ਕਰੇਨ ਦੀ ਮਦਦ ਨਾਲ ਟਰੱਕ ਨੂੰ ਹਟਾਇਆ ਗਿਆ ਅਤੇ ਕਾਰ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਐਸਪੀ ਨੇ ਦੱਸਿਆ ਕਿ ਕਾਰ ਵਿਚ ਸਵਾਰ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ।
