ਸਾਬਕਾ ਕ੍ਰਿਕਟਰ ਰੌਸ ਟੇਲਰ ਨੇ ਵੀ ਦਿੱਤਾ ਸਾਥ

ਦਿੱਲੀ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਦਿੱਲੀ ਦੇ ਆਪਣੇ ਸਰਕਾਰੀ ਦੌਰੇ ਦੌਰਾਨ ਕ੍ਰਿਕਟ ਅਤੇ ਬੱਚਿਆਂ ਨਾਲ ਸਬੰਧਤ ਇਕ ਦਿਲ ਨੂੰ ਛੂਹ ਲੈਣ ਵਾਲਾ ਪਲ ਸਾਂਝਾ ਕੀਤਾ। ਲਕਸਨ ਨੇ ਨਿਊਜ਼ੀਲੈਂਡ ਦੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਰੌਸ ਟੇਲਰ ਦੇ ਨਾਲ ਮਿਲ ਕੇ ਸਥਾਨਕ ਬੱਚਿਆਂ ਨਾਲ ਕ੍ਰਿਕਟ ਦਾ ਇਕ ਮੈਚ ਖੇਡਿਆ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਏ।
ਕ੍ਰਿਕਟ ਭਾਰਤ ਅਤੇ ਨਿਊਜ਼ੀਲੈਂਡ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਂਦੈ : ਕ੍ਰਿਸਟੋਫਰ ਲਕਸਨ
ਸੋਸ਼ਲ ਮੀਡੀਆ ’ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਟਵੀਟ ਕੀਤਾ ਅਤੇ ਕਿਹਾ ਕਿ ‘ਕ੍ਰਿਕਟ ਪ੍ਰਤੀ ਸਾਡੇ ਸਾਂਝੇ ਪਿਆਰ ਤੋਂ ਵੱਧ ਕੇ ਨਿਊਜ਼ੀਲੈਂਡ ਅਤੇ ਭਾਰਤ ਨੂੰ ਕੋਈ ਹੋਰ ਚੀਜ਼ ਨਹੀਂ ਜੋੜਦੀ’, ਇਹ ਖੇਡ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਸਬੰਧਾਂ ਦੀ ਮਜ਼ਬੂਤੀ ਨੂੰ ਦਰਸ਼ਾਉਂਦਾ ਹੈ।

ਆਈ. ਆਈ. ਟੀ. ਦਿੱਲੀ ’ਚ ਇਕ ਸਿੱਖਿਆ-ਕੇਂਦ੍ਰਿਤ ਸਮਾਗਮ ਦੀ ਪ੍ਰਧਾਨਗੀ ਕੀਤੀ
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਆਈ. ਆਈ. ਟੀ. ਦਿੱਲੀ ’ਚ ਇਕ ਸਿੱਖਿਆ-ਕੇਂਦ੍ਰਿਤ ਸਮਾਗਮ ਦੀ ਪ੍ਰਧਾਨਗੀ ਕੀਤੀ, ਜਿਸ ’ਚ ਨਿਊਜ਼ੀਲੈਂਡ ਅਤੇ ਭਾਰਤ ਵਿਚਕਾਰ ਡੂੰਘੇ ਵਿਦਿਅਕ ਸਬੰਧਾਂ ਦੀ ਪੁਸ਼ਟੀ ਕੀਤੀ ਗਈ। ਇਸ ਦੌਰਾਨ ਨਿਊਜ਼ੀਲੈਂਡ ਸੈਂਟਰ ਦਾ ਜਸ਼ਨ ਮਨਾਇਆ, ਜੋ ਕਿ ਇਕ ਪ੍ਰਮੁੱਖ ਪਹਿਲਕਦਮੀ ਹੈ, ਜੋ ਆਈ. ਆਈ. ਟੀ. ਦਿੱਲੀ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਇਕੱਠਾ ਕਰਦੀ ਹੈ।
ਇਸ ਸਮਾਗਮ ਦੀ ਇਕ ਖਾਸ ਗੱਲ ਨਿਊਜ਼ੀਲੈਂਡ ਐਕਸੀਲੈਂਸ ਐਵਾਰਡ-2025 ਤਹਿਤ ਨਿਊਜ਼ੀਲੈਂਡ ਡਾਲਰ 60,000 ਦੇ ਅੰਸ਼ਕ ਸਕਾਲਰਸ਼ਿਪ ਪੈਕੇਜ ਦਾ ਐਲਾਨ ਸੀ, ਜੋ ਕਿ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਲਈ ਨਿਊਜ਼ੀਲੈਂਡ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ।


