ਸ਼ਿਕਾਇਤ ਨਿਵਾਰਨ ਅਤੇ ਚੋਣਾਂ ਨਾਲ ਸਬੰਧਤ ਹੋਰ ਮੁੱਦਿਆ ਬਾਰੇ ਵੀ ਚਰਚਾ ਕੀਤੀ
ਸੰਗਰੂਰ -: ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਹਿੱਤ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਸੰਗਰੂਰ ਸੰਦੀਪ ਰਿਸ਼ੀ ਦੀ ਅਗਵਾਈ ਵਿਚ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਜ਼ਿਲਾ ਪ੍ਰਧਾਨ, ਸਕੱਤਰ ਅਤੇ ਨੁਮਾਇੰਦਿਆਂ ਨਾਲ ਚੋਣਾਂ ਸਬੰਧੀ ਵੱਖ-ਵੱਖ ਵਿਸ਼ਿਆਂ ਬਾਰੇ ਇਕ ਮੀਟਿੰਗ ਕੀਤੀ ਗਈ।
ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਹੋਈ ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੀ ਤਿਆਰੀ ਅਤੇ ਚੋਣਾਂ ਦੇ ਕੰਡਕਟ ਦੀ ਪ੍ਰਕਿਰਿਆ ਅਤੇ ਸੰਵਿਧਾਨ ’ਚ ਇਸ ਸਬੰਧੀ ਦਰਜ ਧਾਰਾਵਾਂ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।
ਸਮੂਹ ਹਾਜ਼ਰ ਆਏ ਨੁਮਾਇੰਦਿਆਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪੋ-ਆਪਣੀ ਪਾਰਟੀ ਦੇ ਪੋਲਿੰਗ ਬੂਥ ਵਾਈਜ਼ ਬੂਥ ਲੈਵਲ ਏਜੰਟ (ਬੀ. ਐੱਲ. ਏ.) ਦੀ ਨਿਯੁਕਤੀ ਕਰਨ ਦੀ ਅਪੀਲ ਕੀਤੀ ਗਈ।
ਮੀਟਿੰਗ ਦੌਰਾਨ ਸ਼ਿਕਾਇਤ ਨਿਵਾਰਨ ਅਤੇ ਚੋਣਾਂ ਨਾਲ ਸਬੰਧਤ ਹੋਰ ਮੁੱਦਿਆ ਬਾਰੇ ਵੀ ਚਰਚਾ ਕੀਤੀ ਗਈ। ਜ਼ਿਲਾ ਚੋਣ ਅਫਸਰ ਵੱਲੋਂ ਸਮੂਹ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੇ ਸ਼ੁੱਧੀਕਰਨ ਨੂੰ ਮੁੱਖ ਰੱਖਦੇ ਹੋਏ ਵੋਟਰ ਸੂਚੀ ਦੀ ਤਿਆਰੀ ਤੇ ਸੁਧਾਈ ਅਤੇ ਚੋਣਾਂ ਦੀ ਪ੍ਰਕਿਰਿਆ ਦੇ ਹਰ ਪੜਾਅ ’ਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਤੋਂ ਅਮਰੀਕ ਸਿੰਘ, ਆਮ ਆਦਮੀ ਪਾਰਟੀ ਤੋਂ ਗੁਰਮੇਲ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਭਰਤ ਗਰਗ, ਹਰਪਾਲ ਸਿੰਘ ਸੋਨੂੰ ਅਤੇ ਨੱਥੂ ਲਾਲ, ਭਾਰਤੀਯ ਜਨਤਾ ਪਾਰਟੀ ਤੋਂ ਸੁਰੇਸ਼ ਬੇਦੀ, ਸ਼੍ਰੋਮਣੀ ਅਕਾਲੀ ਦਲ ਤੋਂ ਸ਼ੇਰ ਸਿੰਘ ਬੱਲੇਵਾਲ ਅਤੇ ਸੀ. ਪੀ. ਆਈ. (ਐੱਮ.) ਤੋਂ ਚਮਕੌਰ ਸਿੰਘ ਤੋਂ ਇਲਾਵਾ ਚੋਣ ਤਹਿਸੀਲਦਾਰ ਪਰਮਜੀਤ ਕੌਰ ਅਤੇ ਚੋਣ ਸਟਾਫ ਮੌਜੂਦ ਰਹੇ।
