ਹਮਾਸ ਮੰਤਰੀ ਅਤੇ ਬ੍ਰਿਗੇਡੀਅਰ ਸਮੇਤ 200 ਤੋਂ ਵੱਧ ਲੋਕਾਂ ਦੀ ਹੋਈ ਮੌਤ
ਇਜ਼ਰਾਈਲ ਨੇ ਫਿਰ ਗਾਜ਼ਾ ਪੱਟੀ ’ਚ ਵੱਡਾ ਹਵਾਈ ਹਮਲਾ ਕੀਤਾ ਹੈ। ਮੰਗਲਵਾਰ ਦੀ ਸਵੇਰ ਨੂੰ ਇਜ਼ਰਾਈਲੀ ਹਵਾਈ ਹਮਲੇ ਨੇ ਪੂਰੀ ਗਾਜ਼ਾ ਪੱਟੀ ਨੂੰ ਹਿਲਾ ਕੇ ਰੱਖ ਦਿੱਤਾ। ਇਜ਼ਰਾਈਲ ਦਾ ਇਹ ਹਮਲਾ ਪਿਛਲੇ 15 ਮਹੀਨਿਆਂ ’ਚ ਸਭ ਤੋਂ ਭਿਆਨਕ ਹਮਲਿਆਂ ’ਚੋਂ ਇਕ ਹੈ। ਇਸ ਹਮਲੇ ਨਾਲ ਗਾਜ਼ਾ ਵਿਚ 57 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮੁੜ ਖੂਨੀ ਖੇਡ ਸ਼ੁਰੂ ਹੋ ਗਈ ਹੈ। ਇਜ਼ਰਾਈਲ ਦੇ ਤਾਜ਼ਾ ਹਮਲਿਆਂ ’ਚ ਹਮਾਸ ਦੇ ਇਕ ਮੰਤਰੀ ਅਤੇ ਇਕ ਬ੍ਰਿਗੇਡੀਅਰ ਸਮੇਤ 200 ਤੋਂ ਵੱਧ ਲੋਕ ਮਾਰੇ ਗਏ ਹਨ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਜੰਗਬੰਦੀ ਨੂੰ ਅੱਗੇ ਵਧਾਉਣ ਲਈ ਗੱਲਬਾਤ ਵਿਚ ਪ੍ਰਗਤੀ ਦੀ ਘਾਟ ਕਾਰਨ ਹਮਲਿਆਂ ਦਾ ਹੁਕਮ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁਹਿੰਮ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਫੈਲਣ ਦੀ ਉਮੀਦ ਹੈ। ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਇਜ਼ਰਾਈਲ ਹੁਣ ਤੋਂ ਫੌਜੀ ਸ਼ਕਤੀ ਵਧਾ ਕੇ ਹਮਾਸ ਖਿਲਾਫ ਕਾਰਵਾਈ ਕਰੇਗਾ।
ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਰਾਜਦੂਤ, ਡੈਨੀ ਡੈਨਨ ਨੇ ਸੁਰੱਖਿਆ ਪ੍ਰੀਸ਼ਦ ਦੀ ਆਗਾਮੀ ਮੀਟਿੰਗ ਤੋਂ ਪਹਿਲਾਂ ਟਵਿੱਟਰ ’ਤੇ ਇਕ ਪੋਸਟ ’ਚ ਗਾਜ਼ਾ ’ਤੇ ਹਵਾਈ ਹਮਲੇ ਦਾ ਬਚਾਅ ਕੀਤਾ। ਉਨ੍ਹਾਂ ਲਿਖਿਆ ਕਿ ਇਜ਼ਰਾਈਲੀ ਹਵਾਈ ਸੈਨਾ ਨੇ ਗਾਜ਼ਾ ’ਚ ਹਮਾਸ ਦੇ ਟਿਕਾਣਿਆਂ ’ਤੇ ਕਈ ਹਮਲੇ ਕੀਤੇ। ਅਸੀਂ ਆਪਣੇ ਦੁਸ਼ਮਣਾਂ ਉੱਤੇ ਕੋਈ ਰਹਿਮ ਨਹੀਂ ਕਰਾਂਗੇ। ਮੈਂ ਇਸਨੂੰ ਬਹੁਤ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦਾ ਹਾਂ। ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ, ਜਦੋਂ ਤੱਕ ਸਾਡੇ ਸਾਰੇ ਬੰਧਕ ਘਰ ਨਹੀਂ ਪਰਤਦੇ।
ਇਜ਼ਰਾਈਲ ਨੇ ਮੰਗਲਵਾਰ ਤੜਕੇ 2 ਵਜੇ ਆਪਣਾ ਹਵਾਈ ਹਮਲਾ ਸ਼ੁਰੂ ਕੀਤਾ। ਜਾਣਕਾਰੀ ਮੁਤਾਬਕ ਇਜ਼ਰਾਇਲੀ ਟੈਂਕ ਖਾਨ ਯੂਨਿਸ ਦੇ ਅਬਾਸਾਨ ਸ਼ਹਿਰ ਦੇ ਪੂਰਬੀ ਇਲਾਕਿਆਂ ’ਚ ਗੋਲਾਬਾਰੀ ਕਰ ਰਹੇ ਹਨ।
ਗਾਜ਼ਾ ਸਰਕਾਰ ਦੇ ਮੀਡੀਆ ਦਫ਼ਤਰ ਦੀ ਰਿਪੋਰਟ ਮੁਤਾਬਕ ਇਸਰਾਈਲੀ ਹਮਲੇ ਵਿੱਚ ਗਾਜ਼ਾ ਦੇ ਵੱਖ-ਵੱਖ ਇਲਾਕਿਆਂ ’ਚ 200 ਤੋਂ ਵੱਧ ਲੋਕ ਮਾਰੇ ਗਏ ਹਨ। ਇਜ਼ਰਾਇਲੀ ਹਮਲੇ ਤੋਂ ਹਮਾਸ ਗੁੱਸੇ ‘ਚ ਹੈ। ਹਮਾਸ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਨੇਤਨਯਾਹੂ ਅਤੇ ਉਸਦੀ ਕੱਟੜਪੰਥੀ ਸਰਕਾਰ ਜੰਗਬੰਦੀ ਸਮਝੌਤੇ ਨੂੰ ਉਲਟਾਉਣ ਦਾ ਫੈਸਲਾ ਕਰ ਰਹੀ ਹੈ, ਜਿਸ ਨਾਲ ਗਾਜ਼ਾ ’ਚ ਕੈਦੀਆਂ ਦਾ ਭਵਿੱਖ ਅਨਿਸ਼ਚਿਤ ਹੋ ਜਾਵੇਗਾ।
ਇਜ਼ਰਾਈਲ ਨੇ ਜੰਗਬੰਦੀ ਨੂੰ ਅਜਿਹੇ ਸਮੇਂ ਤੋੜਿਆ ਹੈ ਜਦੋਂ ਅਮਰੀਕਾ, ਯਮਨ ਦੇ ਹੂਤੀ ਬਾਗੀਆਂ ‘ਤੇ ਹਮਲੇ ਕਰ ਰਿਹਾ ਹੈ।
