ਗੁਰਦਾਸਪੁਰ :-ਜ਼ਿਲਾ ਗੁਰਦਾਸਪੁਰ ਵਿਚ ਦੇਰ ਸ਼ਾਮ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪੁਲ ਸਠਿਆਲੀ ’ਤੇ ਇਕ ਇਲੈਕਟ੍ਰਾਨਿਕਸ ਦੀ ਦੁਕਾਨ ਦੇ ਮਾਲਕ ਨੂੰ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਦੁਕਾਨ ਮਾਲਕ ਇਕਬਾਲ ਸਿੰਘ ਲਾਡੀ ਪੁੱਤਰ ਜਵੰਦ ਸਿੰਘ ਵਾਸੀ ਪਿੰਡ ਨੈਨੇਕੋਟ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜਿਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਕਬਾਲ ਸਿੰਘ ਲਾਡੀ ਸਰਕਾਰੀ ਅਧਿਆਪਕ ਹੈ, ਜੋ ਛੁੱਟੀ ਤੋਂ ਬਾਅਦ ਆਪਣੇ ਪਿਤਾ ਦੇ ਇਲੈਕਟ੍ਰਾਨਿਕ ਸ਼ੋਅਰੂਮ ’ਚ ਮੌਜੂਦ ਸੀ।
ਸ਼ਾਮ ਵੇਲੇ ਮੂੰਹ ਬੰਨ੍ਹ ਕੇ ਆਏ 2 ਲੁਟੇਰਿਆਂ ਨੇ ਦੁਕਾਨ ’ਚ ਸ਼ਾਮਿਲ ਹੋ ਕੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਮਾਸਟਰ ਇਕਬਾਲ ਸਿੰਘ ਨੇ ਰਵਾਇਤੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ। ਇਸ ਝੜੱਪ ’ਚ ਲੁਟੇਰੇ ਅਤੇ ਮਾਲਕ ਦੁਕਾਨ ਤੋਂ ਬਾਹਰ ਆ ਗਏ, ਦੁਕਾਨ ਤੋਂ ਬਾਹਰ ਆਉਣ ਸਾਰ ਹੀ ਲੁਟੇਰਿਆਂ ਨੇ ਆਪਣੇ ਨਾਜਾਇਜ਼ ਅਸਲੇ ਨਾਲ ਇਕਬਾਲ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।
ਗੋਲੀ ਇਕਬਾਲ ਸਿੰਘ ਦੇ ਢਿੱਡ ’ਚ ਲੱਗੀ ਹੈ, ਜਿਸ ਨੂੰ ਤੁਰੰਤ ਨੇੜਲੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਪਹੁੰਚਾਇਆ ਗਿਆ, ਜਿੱਥੇ ਇਕਬਾਲ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਇਸ ਮੌਕੇ ਥਾਣਾ ਮੁਖੀ ਕਾਹਨੂੰਵਾਨ ਕੁਲਵਿੰਦਰ ਸਿੰਘ ਅਤੇ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਜ਼ਖਮੀ ਇਕਬਾਲ ਸਿੰਘ ਤੋਂ ਵਿਸਥਾਰ ’ਚ ਘਟਨਾ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੇ ਲੁਟੇਰਿਆਂ ਦੇ ਹੁਲੀਏ ਅਤੇ ਦੁਕਾਨ ’ਚ ਹੋਏ ਸਾਰੇ ਮਾਮਲੇ ਬਾਰੇ ਵੀ ਜਾਣਕਾਰੀ ਲਈ।
ਇਸ ਸਬੰਧੀ ਜਦੋਂ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪੁਲਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
