ਸਮੱਗਲਰ ਕਿਸੇ ਵੀ ਕੀਮਤ ’ਤੇ ਕਾਨੂੰਨ ਦੇ ਸ਼ਿਕੰਜੇ ’ਚੋਂ ਬਚ ਨਹੀਂ ਸਕਣਗੇ : ਐੱਸ. ਐੱਸ. ਪੀ. ਅਦਿੱਤਿਆ

ਜ਼ਿਲਾ ਗੁਰਦਾਸਪੁਰ ਅੰਦਰ ਨਸ਼ਾ ਸਮੱਗਲਿੰਗ ਨੂੰ ਰੋਕਣ ਲਈ ਜਿਥੇ ਪੁਲਸ ਵੱਲੋਂ ਰੋਜ਼ਾਨਾ ਵੱਖ-ਵੱਖ ਦੋਸ਼ੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਹੀ ਸਰਹੱਦੀ ਖੇਤਰ ’ਚ ਨਸ਼ੇ ਦੀ ਸਮੱਗਲਿੰਗ ਨੂੰ ਮੁਕੰਮਲ ਰੂਪ ’ਚ ਖਤਮ ਕਰਨ ਲਈ ਪੁਲਸ ਵੱਲੋਂ ਬੀ. ਐੱਸ. ਐੱਫ. ਦੇ ਸਹਿਯੋਗ ਦੇ ਨਾਲ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ।
ਇਸ ਸਬੰਧੀ ਐੱਸ. ਐੱਸ. ਪੀ. ਅਦਿੱਤਿਆ ਆਈ. ਪੀ. ਐੱਸ. ਨੇ ਦੱਸਿਆ ਕਿ ਪੁਲਸ ਵੱਲੋਂ ਨਸ਼ੇ ਦੀ ਵਿਕਰੀ ਅਤੇ ਵਰਦਾਤਾਂ ਨੂੰ ਲੈ ਕੇ ਜ਼ੀਰੋ ਟੋਲਰੈਂਸ ’ਤੇ ਕੰਮ ਕੀਤਾ ਜਾ ਰਿਹਾ ਹੈ। ਅੱਜ ਵੀ ਕਲਾਨੌਰ ਥਾਣੇ ਅਧੀਨ ਸਰਹੱਦ ਦੇ ਨੇੜਲੇ ਪਿੰਡਾਂ ’ਚ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਜਵਾਨਾਂ ਨੇ ਡੀਐਸਪੀ ਕਲਾਨੌਰ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਲਈ ਅਤੇ ਵੱਖ-ਵੱਖ ਖੇਤਾਂ ਵਿੱਚ ਜਾ ਕੇ ਵੀ ਚੈਕਿੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ’ਚ ਨਸ਼ਾ ਵਿਰੋਧੀ ਮੁਹਿੰਮ ਦਾ ਹੋਰ ਵੱਡਾ ਅਸਰ ਦੇਖਣ ਨੂੰ ਮਿਲੇਗਾ ਅਤੇ ਜ਼ਿਲੇ ਅੰਦਰ ਨਸ਼ਿਆਂ ਦੀ ਵਿਕਰੀ ਕਰਨ ਵਾਲੇ ਸਮੱਗਲਰ ਕਿਸੇ ਵੀ ਕੀਮਤ ’ਤੇ ਕਾਨੂੰਨ ਦੇ ਸ਼ਿਕੰਜੇ ’ਚੋਂ ਬਚ ਨਹੀਂ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲੇ ਦੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਨੂੰ ਰੋਕਣ ਲਈ ਪੁਲਸ ਦਾ ਸਹਿਯੋਗ ਕਰਨ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਜਗ੍ਹਾ ’ਤੇ ਨਸ਼ੇ ਦੀ ਵਿਕਰੀ ਹੋਣ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਪੁਲਸ ਦੀ ਮਦਦ ਕਰਨ ਵਾਲਿਆਂ ਦੇ ਨਾਮ ਗੁਪਤ ਰੱਖੇ ਜਾਣਗੇ।
