4 ਭੈਣਾਂ ਦਾ ਇਕਲੌਤੇ ਭਰਾ ਸੀ ਰਾਮ ਸਿੰਘ
ਬਨੂਡ਼ – ਪਿੰਡ ਜੰਗਪੁਰਾ ਦੇ ਵਸਨੀਕ 4 ਭੈਣਾਂ ਦੇ ਇਕਲੌਤੇ ਭਰਾ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਅਤੇ ਦੂਜੇ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਜੰਗਪੁਰਾ ਸਥਿਤ ਗਰਾਂਊਂਡ ’ਚ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਰੋਜ਼ਾਨਾ ਵਾਲੀਵਾਲ ਖੇਡਦੇ ਸਨ।
ਬੀਤੀ ਸ਼ਾਮ ਰਾਮ ਸਿੰਘ (27) ਪੁੱਤਰ ਜਗਪਾਲ ਸਿੰਘ ਅਤੇ ਉਸ ਦਾ ਦੋਸਤ ਜਗਦੀਪ ਸਿੰਘ (30) ਵਾਲੀਵਾਲ ਖੇਡਣ ਲਈ ਗਰਾਊਂਡ ’ਚ ਗਏ। ਜਦੋਂ ਰਾਮ ਸਿੰਘ ਗਰਾਊਂਡ ’ਚ ਪਏ ਬਾਂਸ ਨੂੰ ਚੁੱਕ ਕੇ ਇਕ ਪਾਸੇ ਕਰਨ ਲੱਗਿਆ ਤਾਂ ਉੱਪਰੋਂ ਜਾ ਰਹੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਨਾਲ ਬਾਂਸ ਟਕਰਾ ਗਿਆ, ਜਿਸ ਕਾਰਨ ਬਾਂਸ ’ਚ ਕਰੰਟ ਆ ਗਿਆ ਤੇ ਰਾਮ ਸਿੰਘ ਅਤੇ ਜਗਦੀਪ ਸਿੰਘ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਿਆ। ਦੋਵਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ, ਜਿਥੇ ਡਾਕਟਰਾਂ ਨੇ ਰਾਮ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦੋਂ ਕਿ ਜਗਦੀਪ ਸਿੰਘ ਜ਼ੇਰੇ ਇਲਾਜ ਹਸਪਤਾਲ ’ਚ ਦਾਖ਼ਲ ਹੈ। ਮ੍ਰਿਤਕ ਨੌਜਵਾਨ 4 ਭੈਣਾਂ ਦਾ ਇਕਲੌਤਾ ਭਰਾ ਅਤੇ ਬਜ਼ੁਰਗ ਮਾਪਿਆਂ ਦਾ ਕਮਾਊ ਪੁੱਤਰ ਸੀ।
