ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮਜੀਠੀਆ ਤੋਂ 9 ਘੰਟੇ ਕੀਤੀ ਪੁੱਛਗਿੱਛ
ਪਟਿਆਲਾ : ਬਹੁਕਰੋਡ਼ੀ ਡਰੱਗ ਰੈਕਟ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦੇ ਸਾਹਮਣੇ ਪੇਸ਼ ਹੋਏ ਅਤੇ ਐੱਸ. ਆਈ. ਟੀ. ਨੇ ਮਜੀਠੀਆ ਤੋਂ 9 ਘੰਟੇ ਪੁੱਛਗਿੱਛ ਕੀਤੀ।
ਬਿਕਰਮ ਸਿੰਘ ਮਜੀਠੀਆ ਲਗਭਗ 11.15 ਡੀ. ਆਈ. ਜੀ. ਦੇ ਬਾਰਾਂਦਰੀ ਸਥਿਤ ਦਫਤਰ ਦੇ ਅੰਦਰ ਗਏ ਸਨ। ਉਹ ਕਾਰ ਵਿਚ ਆਏ ਬਿਨ੍ਹਾਂ ਕੁਝ ਕਹੇ ਅੰਦਰ ਚਲੇ ਗਏ। ਇਸ ਤੋਂ ਬਾਅਦ ਐੱਸ. ਆਈ. ਟੀ. ਨੇ ਲਗਤਾਰ 9 ਘੰਟੇ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਅਤੇ ਸ਼ਾਮ 7.00 ਵਜੇ ਉਹ ਡੀ. ਆਈ. ਜੀ. ਦਫਤਰ ਤੋਂ ਬਾਹਰ ਆਏ।
ਇਸ ਤੋਂ ਬਾਅਦ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਏ. ਜੀ. ਵੱਲੋਂ ਗਲਤ ਤੱਥ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਰੱਖੇ ਗਏ ਸਨ ਕਿ ਇਸ ਕੇਸ ਵਿਚ ਬਿਕਰਮ ਸਿੰਘ ਮਜੀਠੀਆ ਵੱਲੋਂ ਜਵਾਬ ਨਹੀਂ ਦਿੱਤਾ ਜਾ ਰਿਹਾ ਤਾਂ ਮਾਣਯੋਗ ਸੁਪਰੀਮ ਕੋਰਟ ਨੇ ਹੁਕਮ ਕੀਤੇ ਸਨ ਕਿ ਉਹ 17 ਮਾਰਚ ਨੂੰ ਸਵੇਰੇ 11.00 ਵਜੇ ਐੱਸ. ਆਈ. ਟੀ. ਦੇ ਮੁੱਖ ਦਫਤਰ ਪਟਿਆਲਾ ਵਿਖੇ ਜਾ ਕੇ ਪੇਸ਼ ਹੋਣ ਅਤੇ ਐੱਸ. ਆਈ. ਟੀ. ਨੂੰ ਵੀ ਕਿਹਾ ਕਿ ਉਹ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰੇ ਅਤੇ 17 ਮਾਰਚ ਭਾਵੇਂ ਫੇਰ ਅਗਲੇ ਦਿਨ ਪੁੱਛਗਿੱਛ ਕਰੇ ਪਰ ਇਸ ਕੇਸ ਦੀ ਜਾਂਚ ਨੂੰ ਪੁੂਰਾ ਕਰ ਕੇ ਚਲਾਨ ਪੇਸ਼ ਕਰੇ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਚੌਥੀ ਐਸ. ਆਈ. ਟੀ. ਬਣੀ ਹੈ ਅਤੇ ਉਹ ਸਾਲ 2022 ਤੋਂ ਪੇਸ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਰ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਕਿ ਇਸ ਕੇਸ ਦੀ ਜਾਂਚ ਪੁਰੀ ਕਰ ਕੇ ਚਲਾਨ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ’ਤੇ 20 ਦਸੰਬਰ 2021 ਨੂੰ ਮੋਹਾਲੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਫਰਵਰੀ 2022 ਨੂੰ ਮਾਣਯੋਗ ਅਦਾਲਤ ਵਿਚ ਸਰੰਡਰ ਕਰ ਦਿੱਤਾ। ਇਸ ਤੋਂ ਬਾਅਦ ਉਹ ਕਈ ਮਹੀਨਿਆ ਤੱਕ ਜੇਲ ਵਿਚ ਰਹੇ ਅਤੇ ਬਾਅਦ ਵਿਚ ਉਨ੍ਹਾਂ ਦੀ ਜ਼ਮਾਨਤ ਹੋ ਗਈ।
ਇਸ ਤੋਂ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਫਿਰ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ, ਜਿਸ ਦੀ ਅਗਵਾਈ ਡੀ. ਆਈ. ਜੀ. ਮੁਖਵਿੰਦਰ ਸਿੰਘ ਛੀਨਾ ਨੇ ਕੀਤੀ ਅਤੇ ਉਨ੍ਹਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਕਈ ਵਾਰ ਪੇਸ਼ ਹੋਣ ਲਈ ਬੁਲਾਇਆ ਅਤੇ ਮੁਖਵਿੰਦਰ ਸਿੰਘ ਛੀਨਾ ਦੀ ਸੇਵਾਮੁਕਤੀ ਤੋਂ ਬਾਅਦ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਐੱਸ. ਆਈ. ਟੀ. ਦੇ ਮੁਖੀ ਬਣੇ ਅਤੇ ਉਨ੍ਹਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ, ਜਿਸ ਦੇ ਵਿਰੋਧ ਵਿਚ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਵਿਚ ਗਏ ਅਤੇ ਹੁਣ ਮਾਣਯੋਗ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਫਿਰ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਅਤੇ ਨਾਲ ਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਹਦਾਇਤ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਤੁਰੰਤ ਪੁਰੀ ਕਰੇ।
ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਐਡਵੋਕੇਟ ਰਾਕੇਸ਼ ਪਰਾਸਰ, ਅਕਾਸ਼ ਬੋਕਸਰ, ਹਰਜੀਤ ਸਿੰਘ ਜੀਤੀ, ਅਨੂੰ, ਰਾਜਵੀਰ ਅਤੇ ਹੋਰ ਵੀ ਹਾਜ਼ਰ ਸਨ।
