17.60 ਲੱਖ ਤੇ 4 ਹਜ਼ਾਰ ਯੂ. ਐੈੱਸ. ਡਾਲਰ ਬਰਾਮਦ
ਅੰਮ੍ਰਿਤਸਰ :-‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਨੇ 2 ਹਵਾਲਾ ਆਪ੍ਰੇਟਰਾਂ ਨੂੰ ਗ੍ਰਿਫਤਾਰ ਕਰ ਕੇ ਇਕ ਨਾਰਕੋ-ਅੱਤਵਾਦੀ ਹਵਾਲਾ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਮੁਲਜ਼ਮਾਂ ਦੇ ਕਬਜ਼ੇ ’ਚੋਂ 17.60 ਲੱਖ ਰੁਪਏ ਅਤੇ 4 ਹਜ਼ਾਰ ਯੂ. ਐੱਸ. ਡਾਲਰ ਬਰਾਮਦ ਕੀਤੇ ਗਏ ਹਨ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਫਤਿਹਪੁਰ ਨਿਵਾਸੀ ਸੁਖਜੀਤ ਸਿੰਘ ਅਤੇ ਅੰਨਗੜ੍ਹ ਵਾਸੀ ਰਣਬੀਰ ਸਿੰਘ ਦੇ ਰੂਪ ’ਚ ਹੋਈ ਹੈ। ਮੁਲਜ਼ਮਾਂ ਕੋਲੋਂ ਇਕ ਐੱਚ. ਪੀ. ਲੈਪਟਾਪ, ਜਿਸ ’ਚ ਲੈਣ-ਦੇਣ ਨਾਲ ਸਬੰਧਤ ਰਿਕਾਰਡ ਸ਼ਾਮਲ ਹੈ, ਵੀ ਬਰਾਮਦ ਕੀਤਾ ਗਿਆ ਹੈ।
ਡੀ. ਆਈ. ਜੀ. ਬਾਰਡਰ ਸਤਿੰਦਰ ਸਿੰਘ ਆਈ. ਪੀ. ਐੱਸ. ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ 561 ਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ’ਚ ਜਾਂਚ ਦੌਰਾਨ ਗ੍ਰਿਫਤਾਰ ਸਮਗੱਲਰਾਂ ਨੇ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਨਾਂ ਦੇ ਹਵਾਲਾ ਆਪ੍ਰੇਟਰਾਂ ਅਤੇ ਹੋਰ ਡਰੱਗ ਸਪਲਾਈ ਨੈੱਟਵਰਕ ਨਾਲ ਜੁੜੇ ਆਪਣੇ ਸਬੰਧਾਂ ਦਾ ਖੁਲਾਸਾ ਕੀਤਾ ਹੈ। ਇਹ ਦੋਵੇਂ ਨਸ਼ੇ ਦੀ ਸਮਗੱਲਿੰਗ ਨਾਲ ਸਬੰਧਤ ਨਾਜਾਇਜ਼ ਵਿੱਤੀ ਲੈਣ-ਦੇਣ ’ਚ ਸਹਾਇਤਾ ਕਰ ਰਹੇ ਸਨ।
ਡੀ. ਆਈ. ਜੀ. ਨੇ ਦੱਸਿਆ ਕਿ ਸੂਚਨਾ ’ਤੇ ਪੁਲਸ ਟੀਮ ਨੇ ਅੰਮ੍ਰਿਤਸਰ ਦੇ ਇੰਡੀਆ ਗੇਟ, ਛੇਹਰਟਾ ਤੋਂ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕਰ ਕੇ ਇਕ ਐੱਚ. ਪੀ. ਲੈਪਟਾਪ ਅਤੇ ਭਾਰਤੀ ਤੇ ਵਿਦੇਸ਼ੀ ਮੁਦਰਾ ਬਰਾਮਦ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਹੋਰ ਵੀ ਗ੍ਰਿਫਤਾਰੀ ਅਤੇ ਬਰਾਮਦਗੀ ਹੋ ਸਕਦੀ ਹੈ।
337 ਨਸ਼ਾ ਸਮੱਗਲਰਾਂ ਨੂੰ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ
ਡੀ. ਆਈ. ਜੀ. ਸਤਿੰਦਰ ਸਿੰਘ ਨੇ ਦੱਸਿਆ ਕਿ 1 ਮਾਰਚ, 2025 ਤੋਂ ਸ਼ੁਰੂ ਹੋਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਤੱਕ ਬਾਰਡਰ ਰੇਂਜ ਅੰਮ੍ਰਿਤਸਰ ਦੇ ਪੁਲਸ ਜ਼ਿਲਿਆਂ ’ਚ 337 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ 192 ਕੇਸ ਦਰਜ ਕੀਤੇ ਹਨ। ਇਸ ’ਚ 41 ਕਿਲੋ ਹੈਰੋਇਨ, 1 ਕਿਲੋ ਆਈਸ, 26 ਲੱਖ ਰੁਪਏ, 4 ਹਜ਼ਾਰ ਯੂ. ਐੱਸ. ਡਾਲਰ ਡਰੱਗ ਮਨੀ, 6 ਮੋਟਰਸਾਈਕਲ, 9 ਚਾਰ ਪਹੀਆ ਵਾਹਨ ਤੇ 21 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
