ਮੋਟਰਸਾਈਕਲ ’ਤੇ ਆਏ 2 ਨੌਜਵਾਨਾਂ ਨੇ ਕੀਤਾ ਅਟੈਕ, ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ
ਅੰਮ੍ਰਿਤਸਰ :-ਪੁਲਸ ਥਾਣਿਆਂ ’ਤੇ ਗ੍ਰੇਨੇਡ ਨਾਲ ਹਮਲਿਆਂ ਤੋਂ ਬਾਅਦ ਹੁਣ ਛੇਹਰਟਾ ਇਲਾਕੇ ਦੇ ਇਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਧਮਾਕਾ ਿੲੰਨਾ ਜ਼ੋਰਦਾਰ ਸੀ ਕਿ ਮੰਦਰ ਦੀ ਕੰਧ ਨੂੰ ਨੁਕਸਾਨ ਪਹੁੰਚਿਆ ਅਤੇ ਸ਼ੀਸ਼ੇ ਟੁੱਟ ਗਏ। ਇਲਾਕੇ ਦੇ ਲੋਕ ਅੱਧੀ ਰਾਤ ਨੂੰ ਘਰੋਂ ਬਾਹਰ ਨਿਕਲ ਆਏ।

ਜਾਣਕਾਰੀ ਅਨੁਸਾਰ ਛੇਹਰਟਾ ਦੇ ਮੰਦਰ ਠਾਕੁਰਦੁਆਰਾ ਬਾਹਰ ਰਾਤ ਨੂੰ ਸਾਢੇ 12 ਵਜੇ 2 ਮੋਟਰਸਾਈਕਲ ਸਵਾਰਾਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ। ਇਸ ਹਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਹਨ। ਬਕਾਇਦਾ ਮੋਟਰਸਾਈਕਲ ਮੰਦਰ ਦੇ ਬਾਹਰ ਰੁਕਦਾ ਹੈ ਅਤੇ ਦੋਵਾਂ ’ਚੋਂ ਇਕ ਨੌਜਵਾਨ ਹੈਂਡ ਗ੍ਰੇਨੇਡ ਸੁੱਟਦਾ ਹੈ ਅਤੇ ਫਿਰ ਦੋਵੇਂ ਫਰਾਰ ਹੋ ਜਾਂਦੇ ਹਨ।
ਮੰਦਰ ਦੇ ਪੁਜਾਰੀ ਮੁਰਾਰੀ ਲਾਲ ਸ਼ਰਮਾ ਨੇ ਕਿਹਾ ਕਿ ਜਿਸ ਵੇਲੇ ਇਹ ਧਮਾਕਾ ਹੋਇਆ, ਉਹ ਮੰਦਰ ਦੇ ਪਿਛਲੇ ਕਮਰੇ ਵਿਚ ਸੁੱਤਾ ਹੋਇਆ ਸੀ। ਕਮਰਾ ਬਹੁਤ ਪਿੱਛੇ ਹੋਣ ਕਰ ਕੇ ਉਸ ਦੀ ਜਾਗ ਨਹੀਂ ਖੁੱਲ੍ਹੀ ਅਤੇ ਬਾਅਦ ’ਚ ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋਏ ਤਾਂ ਉਨ੍ਹਾਂ ਨੇ ਮੈਨੂੰ ਫੋਨ ਕਰ ਕੇ ਦੱਸਿਆ ਕਿ ਬਾਹਰ ਧਮਾਕਾ ਹੋ ਗਿਆ ਹੈ। ਉਸ ਤੋਂ ਬਾਅਦ ਉਹ ਛੇਹਰਟਾ ਥਾਣੇ ਪਹੁੰਚਿਆ ਅਤੇ ਪੁਲਸ ਉਸ ਦੇ ਨਾਲ ਹੀ ਇੱਥੇ ਪਹੁੰਚ ਗਈ।
ਵਾਰਦਾਤ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਿਵੇਂ ਕਿ ਸਾਡੇ ਗੁਆਂਢੀ ਮੁਲਕ ਵੱਲੋਂ ਵਾਰ-ਵਾਰ ਸਾਡੇ ਛੋਟੀ ਉਮਰ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਵਰਗਲਾ ਕੇ ਵਾਰਦਾਤਾਂ ਕਾਰਵਾਈਆਂ ਜਾ ਰਹੀਆਂ ਹਨ। ਇਹ ਵੀ ਉਸੇ ਤਰੀਕੇ ਦਾ ਹਮਲਾ ਹੈ, ਜਿਸ ਤਰ੍ਹਾਂ ਪਹਿਲਾਂ ਥਾਣਿਅਾਂ ’ਤੇ ਹੋਇਆ ਸੀ। ਇਨ੍ਹਾਂ ਮੁਲਜ਼ਮਾਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
