ਜੇਲ ਵਿਚ ਬੰਦ 2 ਕੈਦੀਆਂ ਤੋਂ ਨਸ਼ੀਲਾ ਪਾਊਡਰ ਬਰਾਮਦ

ਕੈਦੀਆਂ ਸਮੇਤ ਹੋਮਗਾਰਡ ਨਾਮਜ਼ਦ

ਫ਼ਰੀਦਕੋਟ ਦੀ ਕੇਂਦਰੀ ਜੇਲ ਵਿਚੋਂ ਚੈਕਿੰਗ ਦੌਰਾਨ ਜੇਲ ਸਟਾਫ਼ ਨੇ ਜੇਲ ਵਿਚ ਬੰਦ 2 ਵਿਚਾਰ ਅਧੀਨ ਕੈਦੀਆਂ ਕੋਲੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਸਿਟੀ ਪੁਲਿਸ ਸਟੇਸ਼ਨ ਨੇ ਦੋਵਾਂ ਕੈਦੀਆਂ ਦੇ ਨਾਲ ਹੋਮਗਾਰਡ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

ਜੇਲ ਅਧਿਕਾਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਤਲਾਸ਼ੀ ਦੌਰਾਨ ਬਲਾਕ 11 ਦੀ ਬੈਰਕ-3 ਵਿੱਚ ਬੰਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧੀਰਵਾਲ ਦੇ ਰਹਿਣ ਵਾਲੇ ਅੰਡਰਟ੍ਰਾਇਲ ਕੁਲਦੀਪ ਸਿੰਘ ਉਰਫ਼ ਸੋਨੂੰ ਤੋਂ 95 ਗ੍ਰਾਮ ਨਸ਼ੀਲਾ ਪਦਾਰਥ ਅਤੇ ਕੋਟਕਪੂਰਾ ਦੇ ਰਹਿਣ ਵਾਲੇ ਮੋਹਿਤ ਕੁਮਾਰ ਤੋਂ 80 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।

ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਪਿੰਡ ਰਣ ਸਿੰਘ ਵਾਲਾ ਦਾ ਰਹਿਣ ਵਾਲਾ ਹੋਮਗਾਰਡ ਗੁਰਮੁਖ ਸਿੰਘ ਜੇਲ ਵਿਚ ਬੰਦ ਅੰਡਰਟਰਾਇਲ ਕੈਦੀਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਵਿਚ ਸ਼ਾਮਲ ਸੀ।

ਉਹ ਬਾਹਰਲੇ ਲੋਕਾਂ ਨਾਲ ਸੰਪਰਕ ਕਰਦਾ ਸੀ ਅਤੇ ਆਪਣੀ ਡਿਊਟੀ ਦੌਰਾਨ ਜੇਲ ਦੇ ਅੰਦਰ ਸੁੱਟੇ ਗਏ ਨਸ਼ੀਲੇ ਪਦਾਰਥ ਪ੍ਰਾਪਤ ਕਰਦਾ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਹੋਮਗਾਰਡ ਗੁਰਮੁਖ ਸਿੰਘ ਦੇ ਨਾਲ-ਨਾਲ ਦੋ ਕੈਦੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਐੱਸ.ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੋਮ ਗਾਰਡ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲੈ ਲਿਆ ਗਿਆ ਹੈ। ਹੁਣ ਉਸ ਤੋਂ ਪੁੱਛਗਿੱਛ ਕਰ ਕੇ ਜੇਲ ਵਿੱਚ ਸਾਮਾਨ ਸੁੱਟਣ ਵਾਲਿਆਂ ਦੀ ਪਛਾਣ ਕੀਤੀ ਜਾਵੇਗੀ।

Leave a Reply

Your email address will not be published. Required fields are marked *