ਚੰਡੀਗੜ੍ਹ : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲ ਰਹੀ ਮੁਹਿੰਮ ਦੌਰਾਨ ਇਕ ਹੋਰ ਵੱਡੀ ਸਫ਼ਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਨੇ ਨਾਂਦੇੜ ਕਤਲ ਕਾਂਡ ਵਿਚ ਸ਼ਾਮਲ, ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਕਾਰਕੁਨ, ਜਿਸਦੀ ਪਛਾਣ ਸਚਿਨਦੀਪ ਸਿੰਘ ਉਰਫ਼ ਸਚਿਨ ਵਾਸੀ ਪਿੰਡ ਦਿਆਲਪੁਰਾ, ਅਜਨਾਲਾ (ਅੰਮ੍ਰਿਤਸਰ) ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ, ਐਸ. ਏ. ਐਸ. ਨਗਰ ਦੀ ਟੀਮ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ ਇਹ ਗ੍ਰਿਫ਼ਤਾਰੀ ਕੀਤੀ ਹੈ। ਉਨ੍ਹਾਂ ਕਿਹਾ, ‘‘ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿਚ ਦੋਸ਼ੀ ਸਚਿਨਦੀਪ ਥਾਈਲੈਂਡ ਭੱਜ ਗਿਆ ਸੀ। ਪੰਜਾਬ ਪੁਲਿਸ ਦੇ ਰਣਨੀਤਕ ਯਤਨਾਂ ਸਦਕਾ ਉਸ ਨੂੰ ਭਾਰਤ ਵਾਪਸ ਪਰਤਦਿਆਂ ਹੀ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਕਾਰਵਾਈ ਪੰਜਾਬ ਪੁਲਿਸ ਵਲੋਂ ਨਾਂਦੇੜ ਕਤਲ ਕੇਸ ਦੇ ਸਬੰਧ ਵਿਚ ਬੀ. ਕੇ. ਆਈ. ਮਾਡਿਊਲ ਦੇ ਦੋ ਕਾਰਕੁਨਾਂ ਜਗਦੀਸ਼ ਸਿੰਘ ਉਰਫ਼ ਜੱਗਾ ਤੇ ਉਸ ਦੇ ਸਾਥੀ ਸ਼ੁਭਦੀਪ ਸਿੰਘ ਉਰਫ਼ ਸ਼ੁਭ ਨੂੰ ਦੋ 32 ਬੋਰ ਪਿਸਤੌਲਾਂ ਅਤੇ ਪੰਜ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਤੋਂ, ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਅਮਲ ਵਿਚ ਲਿਆਂਦੀ ਗਈ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਚਿਨਦੀਪ ਨੇ ਬੀ. ਕੇ. ਆਈ. ਦੇ ਅੱਤਵਾਦੀ ਨੈੱਟਵਰਕ ਵਿਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਸ ਨੇ ਪਾਕਿਸਤਾਨ ਆਧਾਰਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਅਮਰੀਕਾ ਆਧਾਰਿਤ ਬੀ. ਕੇ. ਆਈ. ਕਾਰਕੁੰਨ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਅਨ ਦੇ ਇਸ਼ਾਰੇ ’ਤੇ ਕੰਮ ਕਰਨ ਵਾਲੇ ਕਾਰਕੁਨਾਂ ਨੂੰ ਸੁਰੱਖਿਅਤ ਪਨਾਹਗਾਹਾਂ, ਲੌਜਿਸਟਿਕਲ ਸਹਾਇਤਾ ਅਤੇ ਵਿੱਤੀ ਮਦਦ ਪ੍ਰਦਾਨ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
