ਡੇਰਾ ਬਾਬਾ ਨਾਨਕ :- ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਨਿਰੋਲ ਸੇਵਾ ਸੰਸਥਾ ਗੁਰਦੁਆਰਾ ਗੁਪਤਸਰ ਸਾਹਿਬ (ਸ੍ਰੀ ਮੁਕਤਸਰ ਸਾਹਿਬ) ਵੱਲੋਂ 15ਵਾਂ ਮਹਾਨ ਨਗਰ ਕੀਰਤਨ 28 ਫਰਵਰੀ ਤੋਂ 6 ਮਾਰਚ ਤੱਕ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੱਕ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ।
ਜ਼ਿਕਰਯੋਗ ਹੈ ਕਿ ਨਗਰ ਕੀਰਤਨ ਦੇ ਸਵਾਗਤ ਵਾਸਤੇ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜੱਥਾ ਜ਼ੀਰੋ ਲਾਈਨ ਤੇ ਪਹੁੰਚ ਰਿਹਾ ਹੈ ਅਤੇ ਪਾਲਕੀ ਸਾਹਿਬ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾ ਕੇ ਨਾਲ ਲਿਆਉਣਗੇ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਸ਼ੋਭਿਤ ਕੀਤੀ ਜਾਵੇਗੀ। ਕਰੀਬ 500 ਸ਼ਰਧਾਲੂਆ ਦਾ ਜੱਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਨਤਮਸਤਕ ਹੋਵੇਗਾ।
ਇਹ ਨਗਰ ਕੀਰਤਨ ਆਪਣੇ ਆਪ ਵਿਚ ਇਕ ਵਿਲੱਖਣ ਪਛਾਣ ਰੱਖਦਾ ਹੈ ਕਿਉਂਕਿ ਨਗਰ ਕੀਰਤਨ ਵਿਚ ਵੱਡੀਆ-ਵੱਡੀਆ ਗੱਡੀਆਂ ਉੱਪਰ ਵੱਖ-ਵੱਖ ਗੁਰਧਾਮਾਂ ਦੇ ਮਾਡਲ ਸੁਸ਼ੋਭਿਤ ਕੀਤੇ ਹੋਏ ਹਨ, ਜੋ ਕਿ ਸੰਗਤਾ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਨ੍ਹਾਂ ਮਾਡਲਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ, ਸ੍ਰੀ ਨਨਕਾਣਾ ਸਾਹਿਬ ਜੀ ਪਾਕਿਸਤਾਨ, ਸ੍ਰੀ ਪੰਜਾ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੰਘਾਂ ਦੇ ਮਾਡਲ ਸ਼ਾਮਲ ਹਨ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
