ਕਾਰ ਅਤੇ ਟਰਾਲੇ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਕਰੇਨ ਦੀ ਮਦਦ ਨਾਲ ਟਰਾਲੇ ਵਿਚ ਫਸੀ ਕਾਰ ਨੂੰ ਬਾਹਰ ਕੱਢਿਆ
ਸਿਰੋਹੀ – ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਸਿਰੋਹੀ ਦੇ ਆਬੂ ਰੋਡ ‘ਤੇ ਤੇਜ਼ ਰਫ਼ਤਾਰ ਕਾਰ ਅਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਜਦਕਿ ਇਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਹਾਦਸਾ ਨੈਸ਼ਨਲ ਹਾਈਵੇ-27 ‘ਤੇ ਆਬੂ ਰੋਡ ਸਦਰ ਥਾਣੇ ਦੇ ਕਿਵਰਲੀ ਨੇੜੇ ਵਾਪਰਿਆ। ਰਾਤ ਕਰੀਬ 3 ਵਜੇ ਅਹਿਮਦਾਬਾਦ ਤੋਂ ਜਲੌਰ ਜਾ ਰਹੀ ਕਾਰ ਦੀ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਸਾਰੇ ਲੋਕਾਂ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਲੋਕ ਕਾਰ ਵਿਚ ਬੁਰੀ ਤਰ੍ਹਾਂ ਫਸ ਗਏ, ਜਿਸ ਲਈ ਪੁਲਿਸ ਟੀਮ ਨੇ ਕਰੇਨ ਦੀ ਮਦਦ ਨਾਲ ਟਰਾਲੇ ‘ਚ ਫਸੀ ਕਾਰ ਨੂੰ ਬਾਹਰ ਕੱਢਿਆ ਅਤੇ ਕਰੇਨ ਨਾਲ ਕਾਰ ਦੇ ਦਰਵਾਜ਼ੇ ਤੋੜ ਕੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ।
ਚਾਰ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਦੋਂ ਕਿ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਆਬੂ ਰੋਡ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ 2 ਦੀ ਇਲਾਜ ਦੌਰਾਨ ਮੌਤ ਹੋ ਗਈ। ਇਕ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
