ਔਰੰਗਜ਼ੇਬ ਦੀ ਤਾਰੀਫ਼ ਕਰਨ ’ਤੇ ਸਮਾਜਵਾਦੀ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ

ਮੁੰਬਈ : ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਤਾਰੀਫ਼ ਕਰਨ ਵਾਲੇ ਬਿਆਨ ਲਈ ਮਹਾਰਾਸ਼ਟਰ ਵਿਧਾਨ ਸਭਾ ਤੋਂ 26 ਮਾਰਚ ਤਕ ਮੁਅੱਤਲ ਕਰ ਦਿੱਤਾ ਗਿਆ ਹੈ। ਆਜ਼ਮੀ ਨੇ ਦਾਅਵਾ ਕੀਤਾ ਸੀ ਕਿ ਔਰੰਗਜ਼ੇਬ ਦੇ ਸ਼ਾਸਨ ਕਾਲ ਦੌਰਾਨ ਭਾਰਤ ਦੀ ਸਰਹੱਦ ਅਫਗਾਨਿਸਤਾਨ ਅਤੇ ਬਰਮਾ ਤਕ  ਪਹੁੰਚ ਗਈ ਸੀ ਅਤੇ ਦੇਸ਼ ਦੀ ਜੀ. ਡੀ. ਪੀ. ਵਿਸ਼ਵ ਦੀ ਜੀ. ਡੀ. ਪੀ. ਦਾ 24% ਸੀ। ਹਾਲਾਂਕਿ ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਵਿਵਾਦ ਭੜਕ ਗਿਆ ਸੀ ਅਤੇ ਕਈਆਂ ਨੇ ਉਨ੍ਹਾਂ ’ਤੇ ਮਰਾਠਾ ਰਾਜਾ ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਉਨ੍ਹਾਂ ਦੇ ਪੁੱਤਰ ਛੱਤਰਪਤੀ ਸ਼ੰਭਾਜੀ ਮਹਾਰਾਜਾ ਦੀ ਬੇਇੱਜ਼ਤੀ ਕਰਨ ਦਾ ਦੋਸ਼ ਲਾਇਆ ਸੀ।

ਮਹਾਰਾਸ਼ਟਰ ਦੇ ਮੰਤਰੀ ਚੰਦਰਕਾਂਤ ਪਾਟਿਲ ਨੇ ਮੁਅੱਤਲੀ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਆਜ਼ਮੀ ਦੀ ਟਿੱਪਣੀ  ਵਿਧਾਨ ਸਭਾ ਦੇ ਕਿਸੇ ਮੈਂਬਰ ਦੇ ਕੱਦ ਦੇ ਅਨੁਕੂਲ ਨਹੀਂ ਹੈ ਅਤੇ ਵਿਧਾਨ ਸਭਾ ਦੀ ਲੋਕਤੰਤਰੀ ਸੰਸਥਾ ਦਾ ਅਪਮਾਨ ਹੈ। ਆਜ਼ਮੀ ਨੇ ਬਾਅਦ ’ਚ ਅਪਣਾ  ਬਿਆਨ ਵਾਪਸ ਲੈ ਲਿਆ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਵਿਆਪਕ ਆਲੋਚਨਾ ਹੋਈ ਸੀ।

ਆਦਿੱਤਿਆਨਾਥ ਨੇ ਆਜ਼ਮੀ ਨੂੰ ਪਾਰਟੀ ਵਿਚੋਂ ਕੱਢਣ ਦੀ ਕੀਤੀ ਮੰਗ

ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਮਾਜਵਾਦੀ ਪਾਰਟੀ ਤੋਂ ਆਜ਼ਮੀ ਨੂੰ ਕੱਢਣ ਦੀ ਮੰਗ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਤੋਂ ਸ਼ਰਮਿੰਦਾ ਮਹਿਸੂਸ ਕਰਦਾ ਹੈ ਪਰ ਔਰੰਗਜ਼ੇਬ ਨੂੰ ਅਪਣਾ  ਹੀਰੋ ਮੰਨਦਾ ਹੈ, ਕੀ ਉਸ ਨੂੰ ਭਾਰਤ ਵਿਚ ਰਹਿਣ ਦਾ ਅਧਿਕਾਰ ਵੀ ਹੈ।’

ਆਦਿੱਤਿਆਨਾਥ ਨੇ ਸਮਾਜਵਾਦੀ ਪਾਰਟੀ ’ਤੇ  ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਇਕ ਪਾਸੇ ਤੁਸੀਂ ਕੁੰਭ ਦੀ ਆਲੋਚਨਾ ਕਰਦੇ ਹੋ ਅਤੇ ਦੂਜੇ ਪਾਸੇ ਤੁਸੀਂ ਔਰੰਗਜ਼ੇਬ ਦੀ ਤਾਰੀਫ਼ ਕਰਦੇ ਹੋ, ਜਿਸ ਨੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਅਤੇ ਭਾਰਤ ਦੀ ਆਸਥਾ ਨੂੰ ਕੁਚਲ ਦਿਤਾ।’ ਸ਼ਿਵ ਸੈਨਾ ਦੀ ਪੁਣੇ ਇਕਾਈ ਨੇ ਆਜ਼ਮੀ ਦੇ ਵਿਰੁੱਧ  ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ’ਤੇ  ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਅਖਿਲੇਸ਼ ਯਾਦਵ ਨੇ ਵਿਧਾਇਕ ਦੀ ਮੁਅੱਤਲੀ ਦੇ ਆਧਾਰ ’ਤੇ  ਸਵਾਲ ਚੁੱਕੇ

ਲਖਨਊ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਆਜ਼ਮੀ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ’ਚ ਬੇਮਿਸਾਲ ਹਿੰਮਤ ਅਤੇ ਬੁੱਧੀ ਹੈ ਅਤੇ ਉਹ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਣਗੇ। ਯਾਦਵ ਨੇ ਕਿਹਾ, ‘‘ਜਿਹੜੇ ਲੋਕ ਅਪਣੀ ਕੁਰਸੀ ਨੂੰ ਖਤਰਾ ਵੇਖਦੇ  ਹਨ, ਉਹ ਅਪਣਾ ਦਿਮਾਗ ਗੁਆ ਰਹੇ ਹਨ, ਜਿਹੜਾ ਬਿਮਾਰ ਹੈ ਉਹ ਦੂਜਿਆਂ ਦਾ ਇਲਾਜ ਕਿਵੇਂ ਕਰ ਸਕਦਾ ਹੈ?’’ ਉਨ੍ਹਾਂ ਆਦਿੱਤਿਆਨਾਥ ਦੀ ਮੰਗ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਕੁੱਝ  ਲੋਕ ਸੋਚਦੇ ਹਨ ਕਿ ਮੁਅੱਤਲ ਕਰ ਕੇ  ਉਹ ਸੱਚਾਈ ਨੂੰ ਚੁੱਪ ਕਰਵਾ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਬਚਕਾਨਾ ਅਤੇ ਨਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ। 

ਅਪਣੀ ਟਿੱਪਣੀ  ਵਾਪਸ ਲੈਣ ਦੇ ਬਾਵਜੂਦ ਮੁਅੱਤਲ ਕੀਤਾ ਗਿਆ: ਅਬੂ ਆਜ਼ਮੀ 

ਜਦਕਿ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਨੇ ਕਿਹਾ ਕਿ ਅਪਣੀ ਟਿਪਣੀ  ਵਾਪਸ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਬਜਟ ਸੈਸ਼ਨ ਦੇ ਅੰਤ ਤਕ  ਮੁਅੱਤਲ ਕਰ ਦਿਤਾ ਗਿਆ। ਆਜ਼ਮੀ ਨੇ ਦਾਅਵਾ ਕੀਤਾ, ‘‘ਮੈਂ ਔਰੰਗਜ਼ੇਬ ਬਾਰੇ ਜੋ ਕੁੱਝ  ਵੀ ਕਿਹਾ ਹੈ, ਉਹ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਕਿਹਾ ਹੈ। ਮੈਂ ਸ਼ਿਵਾਜੀ ਮਹਾਰਾਜ, ਸੰਭਾਜੀ ਮਹਾਰਾਜ ਜਾਂ ਕਿਸੇ ਕੌਮੀ  ਸ਼ਖਸੀਅਤਾਂ ਵਿਰੁਧ  ਕੋਈ ਅਪਮਾਨਜਨਕ ਟਿਪਣੀ  ਨਹੀਂ ਕੀਤੀ ਹੈ।’’  

Leave a Reply

Your email address will not be published. Required fields are marked *