ਸੜਕ ਸੁਰੱਖਿਆ ਫੋਰਸ ਕਰ ਕੇ ਸੜਕ ਹਾਦਸਿਆਂ ਵਿਚ ਮੌਤਾਂ ਦਾ ਅੰਕੜਾ ਘਟਿਆ : ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਟੈਗੋਰ ਥੀਏਟਰ ਵਿਖੇ ਵੱਖ-ਵੱਖ ਵਿਭਾਗਾਂ ਵਿਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਪੁਰਾਣੀਆਂ ਸਰਕਾਰਾਂ ਨੇ ਜਨਤਾ ਬਾਰੇ ਕੁੱਝ ਸੋਚਿਆ ਹੁੰਦਾ ਤਾਂ ਫਿਰ ਇਸ ਸਮੇਂ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ, ਸਾਨੂੰ ਸਿਆਸਤ ‘ਚ ਆਉਣ ਦੀ ਲੋੜ ਨਹੀਂ ਪੈਂਦੀ।

ਪਰ ਪਿਛਲੀਆਂ ਸਰਕਰਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ। ਜੇ ਮੈਨੂੰ ਨੌਕਰੀ ਦਿੱਤੀ ਹੁੰਦੀ ਤਾਂ ਮੈਂ ਇਨ੍ਹਾਂ ਨੂੰ ਕਿਉਂ ਕੁੱਝ ਕਹਿਣਾ ਸੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਤੇ ਨੌਜਵਾਨ ਨੌਕਰੀਆਂ ਕਰਨਗੇ ਤਾਂ ਨਸ਼ੇ ਵੱਲ ਨਹੀਂ ਜਾਣਗੇ। ਪੰਜਾਬ ਨੂੰ ਜਾਣਬੁੱਝ ਕੇ ਵਿਹਲਾ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਪੰਜਾਬ ਪਹਿਲਾਂ ਅਜਿਹਾ ਨਹੀਂ ਸੀ। ਪੁਰਾਣੀਆਂ ਸਰਕਾਰਾਂ ਨੇ ਅਜਿਹੀਆਂ ਪਾਲਿਸੀਆਂ ਬਣਾਈਆਂ ਕਿ ਲੋਕ ਬਾਹਰ ਭੱਜਣ ਲੱਗ ਪਏ। ਉਨ੍ਹਾਂ ਨੇ ਵਿਰੋਧੀਆਂ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਵਿਰੋਧੀ ਤਾਂ ਤੜਕੇ ਉੱਠਦੇ ਹੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ ਅਤੇ ਛੋਟੀ-ਛੋਟੀ ਗੱਲ ‘ਤੇ ਕਹਿ ਦਿੰਦੇ ਹਨ ਕਿ ਭਗਵੰਤ ਮਾਨ ਅਸਤੀਫ਼ਾ ਦੇਵੇ।

ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਫ਼ੋਰਸ ਕਰਕੇ ਸੜਕ ਹਾਦਸਿਆਂ ‘ਚ ਮੌਤਾਂ ਦਾ ਅੰਕੜਾ ਘਟਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੜਕੀ ਮੌਤਾਂ ਵਿਚ ਪਹਿਲੇ ਨੰਬਰ ‘ਤੇ ਸੀ ਪਰ ਅਸੀਂ ਸੜਕ ਸੁਰੱਖਿਆ ਫ਼ੋਰਸ ਨਾਲ 2500 ਲੋਕਾਂ ਦੀ ਜਾਨ ਬਚਾਈ। ਮੇਰੇ ਕੋਲੋਂ ਦੂਜੇ ਸੂਬਿਆਂ ਵਾਲੇ ਪੁੱਛਦੇ ਹਨ ਕਿ ਤੁਸੀਂ ਕਿੱਥੋਂ ਟਰੇਨਿੰਗ ਲਈ। ਅਸੀਂ ਵੀ ਅਲੱਗ SSF ਬਣਾਉਣੀ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ‘ਚ ਜਾਣ ਵਾਲੀਆਂ ਜਾਨਾਂ ‘ਚ 48% ਤੱਕ ਦੀ ਕਟੌਤੀ ਹੋਈ ਹੈ। ਸੜਕ ਸੁਰੱਖਿਆ ਫ਼ੋਰਸ ਬਣਾਉਣ ਵਾਲਾ ਪੰਜਾਬ ਇਕਲੌਤਾ ਸੂਬਾ ਹੈ।

Leave a Reply

Your email address will not be published. Required fields are marked *