ਨਾਰੋਵਾਲ : ਪਾਕਿਸਤਾਨ ’ਚ ਪਹਿਲੀ ਵਾਰ ਨਵਜੰਮੀਆਂ ਕੁੜੀਆਂ ਨੂੰ ਜਨਮ ਲੈਂਦੇ ਹੀ ਮਾਰਨ ਦੀ ਪ੍ਰਥਾ ਵੱਧ ਗਈ ਹੈ, ਜਿਸ ਕਾਰਨ ਪਾਕਿਸਤਾਨ ਸਰਕਾਰ ਸਮੇਤ ਧਾਰਮਿਕ ਆਗੂਆਂ ਵਿਚ ਚਿੰਤਾ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਪਾਕਿਸਤਾਨ ਵਿਚ ਇਸਲਾਮ ਅਨੁਸਾਰ ਕੁੜੀਆਂ ਦੇ ਜਨਮ ਸਾਰ ਹੀ ਉਨ੍ਹਾਂ ਨੂੰ ਮਾਰ ਦੇਣਾ ਪਾਪ ਮੰਨਿਆ ਜਾਂਦਾ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਸਿਆਲਕੋਟ ਜ਼ਿਲਾ ਪੁਲਸ ਨੇ ਪਿਛਲੇ 15 ਦਿਨਾਂ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਕੂੜੇ ਦੇ ਢੇਰਾਂ ’ਚੋਂ ਪੰਜ ਨਵਜੰਮੇ ਬੱਚਿਆਂ (ਸਾਰੀਆਂ ਕੁੜੀਆਂ) ਦੀਆਂ ਲਾਸ਼ਾਂ ਮਿਲਣ ਦੀ ਹੈਰਾਨ ਕਰਨ ਵਾਲੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸਥਾਨਕ ਲੋਕਾਂ ’ਚ ਗੰਭੀਰ ਚਿੰਤਾ ਪੈਦਾ ਹੋ ਗਈ ਹੈ।
ਸੂਤਰਾਂ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਡਸਕਾ ਦੇ ਅੱਡਾ ਸਟਾਪ ਨੇੜੇ ਕੂੜੇ ਵਿਚ ਪਏ ਇਕ ਨਵਜੰਮੇ ਬੱਚੇ ਬਾਰੇ ਜਾਣਕਾਰੀ ਮਿਲੀ। ਕਾਲ ਦਾ ਜਵਾਬ ਦਿੰਦੇ ਹੋਏ ਬਚਾਅ ਟੀਮ ਮੌਕੇ ’ਤੇ ਪਹੁੰਚੀ ਅਤੇ ਦੇਖਿਆ ਕਿ ਨਵਜੰਮੀ ਬੱਚੀ, ਇਕ ਕੁੜੀ, ਪਹਿਲਾਂ ਹੀ ਮਰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਪੁਲਸ ਨੂੰ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਿਛਲੇ 15 ਦਿਨਾਂ ’ਚ ਕੁੜੀਆਂ ਦੀਆਂ ਲਾਸ਼ਾਂ ਮਿਲਣ ਦੀ ਇਹ ਪੰਜਵੀਂ ਘਟਨਾ ਹੈ। ਜ਼ਿਆਦਾਤਰ ਲਾਸ਼ਾਂ ਉਦੋਂ ਮਿਲੀਆਂ ਜਦੋਂ ਕੁੱਤੇ ਜਾਂ ਕਾਂ ਉਨ੍ਹਾਂ ਨੂੰ ਚੁੰਘ ਰਹੇ ਸਨ।
