ਪੁਲਸ ਦੀ ਵੱਡੀ ਕਾਰਵਾਈ, ਔਰਤ ਵੱਲੋਂ ਨਸ਼ੇ ਵੇਚ ਕੇ ਬਣਾਏ ਘਰ ਨੂੰ ਢਾਹਿਆ

ਨਸ਼ਾ ਸਮੱਗਲਿੰਗ ਨਾਲ 2016 ਤੋਂ ਜੁਡ਼ੀ ਰਿੰਕੀ ਵੱਲੋਂ ਮੰਦਰ ਦੀ ਜ਼ਮੀਨ ’ਤੇ ਕਬਜ਼ਾ ਕਰ ਕੇ ਰੋਡ਼ੀ ਕੁੱਟ ਮੁਹੱਲੇ ’ਚ ਬਣਾਇਆ ਗਿਆ ਸੀ ਘਰ : ਐੱਸ. ਐੱਸ. ਪੀ.

ਪਟਿਆਲਾ ਪੁਲਿਸ ਨੇ ਅੱਜ ਨਸ਼ਾ ਸਮੱਗਲਰਾਂ ਵਿਰੁੱਧ ਇਕ ਵੱਡੀ ਕਾਰਵਾਈ ਕਰਦਿਆਂ ਇਥੇ ਰੋਡ਼ੀ ਕੁੱਟ ਮੁਹੱਲਾ ਵਿਖੇ ਔਰਤ ਨਸ਼ਾ ਸਮੱਗਲਰ ਰਿੰਕੀ ਪਤਨੀ ਸਵ. ਬਲਬੀਰ ਸਿੰਘ ਵੱਲੋਂ ਨਸ਼ੇ ਵੇਚ ਕੇ ਬਣਾਏ ਗਏ ਦੋ-ਮੰਜ਼ਿਲਾ ਘਰ ਨੂੰ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਅੱਜ ਸ਼ਾਮ ਢਾਹ ਦਿੱਤਾ ਹੈ। ਇਸ ਦੌਰਾਨ ਪੁਲਸ ਦੀ ਇਸ ਕਾਰਵਾਈ ਦੀ ਨਿਗਰਾਨੀ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਖ਼ੁਦ ਕੀਤੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਦੇ ਕਾਲੇ ਕਾਰੋਬਾਰ ਵਿਚ ਲੱਗੇ ਮਾਡ਼ੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਿੰਕੀ ਵਿਰੁੱਧ 2016 ਤੋਂ ਹੁਣ ਤੱਕ ਕਰੀਬ 10 ਦੇ ਕਰੀਬ ਮਾਮਲੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਹਨ।
ਇਸ ਔਰਤ ਨੇ ਗ਼ੈਰ ਕਾਨੂੰਨੀ ਤੌਰ ’ਤੇ ਇਹ ਘਰ ਪ੍ਰਾਚੀਨ ਵਾਮਨ ਅਵਤਾਰ ਮੰਦਰ ਦੀ ਜ਼ਮੀਨ ਉਪਰ ਨਾਜਾਇਜ਼ ਕਬਜ਼ਾ ਕਰ ਕੇ ਉਸਾਰਿਆ ਸੀ, ਜਿਸ ਨੂੰ ਢਾਹੁਣ ਦੇ ਹੁਕਮ ਹੋਏ ਹਨ, ਇਸ ਲਈ ਪਟਿਆਲਾ ਪੁਲਿਸ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਦੀ ਨਿਗਰਾਨੀ ਹੇਠ ਇਸ ਘਰ ਨੂੰ ਅੱਜ ਸ਼ਾਮ ਢਾਹ ਦਿੱਤਾ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਹੱਲਾ ਰੋਡ਼ੀ ਕੁੱਟ ’ਚ ਨਸ਼ਾ ਸਮੱਗਲਿੰਗ ਦੀਆਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਇਸ ਘਰ ਦੀ ਮਾਲਕਣ ਰਿੰਕੀ ਵੀ ਨਸ਼ਾ ਸਮੱਗਲਿੰਗ ’ਚ ਸ਼ਾਮਲ ਹੈ, ਜਿਸ ਵੱਲੋਂ ਨਸ਼ਾ ਵੇਚ ਕੇ ਕਮਾਏ ਪੈਸੇ ਨਾਲ ਹੀ ਇਹ ਘਰ ਨਾਜਾਇਜ਼ ਤੌਰ ’ਤੇ ਬਣਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਫ਼ਿਲਹਾਲ ਇਹ ਔਰਤ ਰਿੰਕੀ ਪਹਿਲਾਂ ਵੀ 10 ਵਾਰ ਪੁਲਸ ਗ੍ਰਿਫ਼ਤ ’ਚ ਆ ਚੁੱਕੀ ਹੈ ਪ੍ਰੰਤੂ ਅਜੇ ਫਰਾਰ ਹੈ, ਜਿਸ ਨੂੰ ਕਿ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਿੰਗ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਚਲਦਿਆਂ ਪਟਿਆਲਾ ਪੁਲਿਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਵੇਗੀ।

Leave a Reply

Your email address will not be published. Required fields are marked *