ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਤੋਂ ਖਫਾ ਆਪ੍ਰੇਟਰ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਭਵਾਨੀਗੜ੍ਹ :-ਜ਼ਿਲਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਵਿਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਅਹੁਦੇ ਲਈ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਮੀਟਿੰਗ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਤੋਂ ਖਫਾ ਹੋਏ ਆਪ੍ਰੇਟਰ ਵੱਲੋਂ ਜਿਥੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਥੇ ਯੂਨੀਅਨ ’ਚ ਪ੍ਰਧਾਨ ਦੇ ਅਹੁਦੇ ਦੀ ਚੋਣ ਵੋਟਿੰਗ ਰਾਹੀਂ ਨਾ ਕਰਵਾਏ ਜਾਣ ਤੋਂ ਖਫਾ ਆਪ੍ਰੇਟਰਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ।
ਸਥਾਨਕ ਸ਼ਹਿਰ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਅਹੁਦੇ ’ਤੇ ਹਿਸਾਬ-ਕਿਤਾਬ ਲਈ ਅੱਜ ਭਾਰੀ ਪੁਲਸ ਫੋਰਸ ਤਾਇਤਾਨ ਕਰ ਕੇ ਪੁਰਾਣੀ ਟਰੱਕ ਯੂਨੀਅਨ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜਿਵੇਂ ਹੀ ਨਵੇਂ ਪ੍ਰਧਾਨ ਦਾ ਨਾਂ ਪ੍ਰਪੋਜ਼ ਕੀਤਾ ਗਿਆ ਤਾਂ ਇਥੇ ਮੌਜੂਦ ਕਈ ਟਰੱਕ ਆਪ੍ਰੇਟਰਾਂ ਵੱਲੋਂ ਇਸ ਤਰ੍ਹਾਂ ਪ੍ਰਧਾਨਗੀ ਦੀ ਚੋਣ ਕੀਤੇ ਜਾਣ ’ਤੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਹੀ ਇਸ ਚੋਣ ਤੋਂ ਖਫਾ ਹੋਏ ਇਕ ਟਰੱਕ ਆਪ੍ਰੇਟਰ ਮਨਜੀਤ ਸਿੰਘ ਕਾਕਾ ਨੇ ਆਪਣੀ ਕਾਰ ’ਚ ਰੱਖੀ ਕੀਟਨਾਸ਼ਕ ਜ਼ਹਿਰੀਲੀ ਦਵਾਈ ਪੀ ਲਈ, ਜਿਸ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਖੜ੍ਹੇ ਹੋਰ ਟਰੱਕ ਆਪ੍ਰੇਟਰ ਮਨਜੀਤ ਸਿੰਘ ਕਾਕਾ ਨੂੰ ਤੁਰੰਤ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ।
ਇਥੇ ਇਸ ਚੋਣ ਦਾ ਵਿਰੋਧ ਕਰ ਰਹੇ ਟਰੱਕ ਆਪ੍ਰੇਟਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ‘ਆਪ’ ਆਗੂਆਂ ਵੱਲੋਂ ਬਾਕੀ ਸਿਆਸੀ ਪਾਰਟੀ ਵੱਲੋਂ ਆਪ੍ਰੇਟਰਾਂ ਦੇ ਵਿਰੋਧ ਦੇ ਬਾਵਜੂਦ ਟਰੱਕ ਯੂਨੀਅਨ ’ਚ ਪ੍ਰਧਾਨ ਥਾਪੇ ਜਾਣ ਦੀ ਚਲੀ ਆ ਰਹੀ ਪ੍ਰਥਾ ਦਾ ਵਿਰੋਧ ਕੀਤਾ ਜਾਂਦਾ ਸੀ ਅਤੇ ਵਿਸ਼ਵਾਸ ਦਿਵਾਇਆ ਗਿਆ ਸੀ ਕਿ ‘ਆਪ’ ਦੀ ਸਰਕਾਰ ਬਣਨ ’ਤੇ ਲੋਕਤੰਤਰੀ ਪ੍ਰਣਾਲੀ ਅਨੁਸਾਰ ਆਪ੍ਰੇਟਰਾਂ ਨੂੰ ਵੋਟਿੰਗ ਪ੍ਰਣਾਲੀ ਰਾਹੀਂ ਆਪਣਾ ਪ੍ਰਧਾਨ ਚੁਣਨ ਦੀ ਆਜ਼ਾਦੀ ਦਿੱਤੀ ਜਾਵੇਗੀ। ਹੁਣ ਪਿਛਲੇ ਤਿੰਨ ਸਾਲਾਂ ਤੋਂ ਸੱਤਾਂ ’ਚ ਆਉਂਦਿਆਂ ਹੀ ‘ਆਪ’ ਸਰਕਾਰ ਵੱਲੋਂ ਵੀ ਇਥੇ ਖੁਦ ਪ੍ਰਧਾਨ ਥਾਪਣ ਦੀ ਪ੍ਰਥਾ ਦਾ ਹਿੱਸਾ ਬਣਦਿਆਂ ਆਪਣੇ ਚਹੇਤੇ ਆਪ੍ਰੇਟਰਾਂ ਨੂੰ ਪ੍ਰਧਾਨ ਥਾਪਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਯੂਨੀਅਨ ਅੰਦਰ ਵੋਟਿੰਗ ਪ੍ਰਣਾਲੀ ਰਾਹੀਂ ਹੀ ਪ੍ਰਧਾਨ ਦੀ ਚੋਣ ਕਰਵਾਈ ਜਾਵੇ।
ਦੂਜੇ ਪਾਸੇ, ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਆਪ੍ਰੇਟਰ ਮਨਜੀਤ ਸਿੰਘ ਕਾਕਾ ਨੇ ਕਿਹਾ ਕਿ ‘ਆਪ’ ਆਗੂਆਂ ਵੱਲੋਂ ਉਸ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦਾ ਵਾਆਦਾ ਕੀਤਾ ਸੀ ਅਤੇ ਉਸ ਦਾ ਕਥਿਤ ਤੌਰ ’ਤੇ 30 ਲੱਖ ਰੁਪਏ ਦਾ ਖਰਚ ਵੀ ਕਰ ਦਿੱਤਾ ਗਿਆ।

ਹੁਣ ਪ੍ਰਧਾਨ ਕਿਸੇ ਹੋਰ ਆਪ੍ਰੇਟਰ ਨੂੰ ਬਣਾ ਦਿੱਤਾ ਗਿਆ ਹੈ, ਜਿਸ ਤੋਂ ਖਫਾ ਹੋ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਉਕਤ ਦੀ ਕਾਰ ’ਚ ਜਿਥੇ ਜ਼ਹਿਰੀਲੀ ਦਵਾਈ ਦੀਆਂ ਸ਼ੀਸ਼ੀਆਂ ਮੌਜੂਦ ਸਨ, ਉਥੇ ਨਾਲ ਹੀ ਪੈਟਰੋਲ ਦੀਆਂ ਭਰੀਆਂ ਬੋਤਲਾਂ ਵੀ ਪਈਆਂ ਸਨ।

Leave a Reply

Your email address will not be published. Required fields are marked *