ਜਲੰਧਰ ਵਿਚ ਨਸ਼ੇ ‘ਚ ਟੱਲੀ ਹੋਏ ਏ. ਐੱਸ. ਆਈ. ਵੱਲੋਂ 3 ਨੌਜਵਾਨਾਂ ‘ਤੇ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਨਤਾ ਕਾਲੋਨੀ ਵਿਚ ਇਕ ਏ. ਐੱਸ. ਆਈ. ਨੇ ਰਾਹ ਜਾਂਦੇ 3 ਨੌਜਵਾਨਾਂ ’ਤੇ ਗੱਡੀ ਚੜ੍ਹਾ ਦਿੱਤੀ। ਇਸ ਦੌਰਾਨ ਇਕ ਨੌਜਵਾਨ ਗੱਡੀ ਦੇ ਹੇਠਾਂ ਆ ਗਿਆ, ਜਦਕਿ ਬਾਕੀ ਦੋ ਨੌਜਵਾਨਾਂ ਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਭੱਜ ਗਿਆ। ਇਸ ਸਬੰਧੀ ਥਾਣਾ ਨੰਬਰ-1 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਬਾਵਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਜਨਤਾ ਕਾਲੋਨੀ ਗੁਰਦੁਆਰੇ ਨੇੜੇ ਘੁੰਮ ਰਿਹਾ ਸੀ। ਇਸੇ ਦੌਰਾਨ ਇਕ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੋਸ਼ ਹੈ ਕਿ ਚਾਲਕ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਪਹਿਲਾਂ ਉਨ੍ਹਾਂ ਨੇ ਚਾਲਕ ਨੂੰ ਸਹੀ ਢੰਗ ਨਾਲ ਗੱਡੀ ਚਲਾਉਣ ਨੂੰ ਕਿਹਾ ਸੀ। ਜਦੋਂ ਉਹ ਉਸ ਨੂੰ ਸਮਝਾ ਕੇ ਅੱਗੇ ਗਏ ਤਾਂ ਉਸ ਨੂੰ ਪਿੱਛਿਓਂ ਆ ਕੇ ਗੱਡੀ ਉਨ੍ਹਾਂ ’ਤੇ ਚੜ੍ਹਾ ਦਿੱਤੀ। ਬਾਵਾ ਇਸ ਘਟਨਾ ਵਿਚ ਜ਼ਖ਼ਮੀ ਹੋਇਆ ਹੈ, ਜਦਕਿ ਉਸ ਦੇ ਸਾਥੀ ਨਿਤਿਨ ਅਤੇ ਦੀਪ ਦਾ ਬਚਾਅ ਹੋ ਗਿਆ।
ਪੀੜਤ ਨੇ ਦੱਸਿਆ ਕਿ ਗੱਡੀ ਚਾਲਕ ਇਲਾਕੇ ਵਿਚ ਰਹਿਣ ਵਾਲਾ ਏ. ਐੱਸ. ਆਈ. ਹੈ, ਜਿਸ ਨੇ ਨਸ਼ਾ ਵੀ ਕੀਤਾ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਕਈ ਵਾਰ ਥਾਣਾ ਨੰਬਰ 1 ਵਿਚ ਸੂਚਨਾ ਦਿੱਤੀ ਗਈ ਪਰ ਪੁਲਸ ਮੌਕੇ ’ਤੇ ਨਹੀਂ ਪੁੱਜੀ।
ਪੀੜਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਮੁਲਾਜ਼ਮ ਦੇ ਘਰ ਦੇ ਬਾਹਰ ਦੇਰ ਰਾਤ ਤਕ ਧਰਨਾ ਵੀ ਦਿੱਤਾ ਗਿਆ। ਦੂਜੇ ਪਾਸੇ ਥਾਣਾ ਨੰਬਰ 1 ਦੇ ਇੰਚਾਰਜ ਅਜਾਇਬ ਸਿੰਘ ਦਾ ਕਹਿਣਾ ਹੈ ਕਿ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
