ਜਵਾਬੀ ਫਾਇਰਿੰਗ ਦੌਰਾਨ ਬਦਮਾਸ਼ ਦੇ ਪੈਰ ’ਚ ਲੱਗੀ ਗੋਲੀ
32 ਬੋਰ ਦਾ ਪਿਸਤੌਲ ਅਤੇ ਕੁਝ ਰੋਂਦ ਕੀਤੇ ਬਰਾਮਦ
ਤਰਨਤਾਰਨ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਅਤੇ ਗੈਂਗਸਟਰ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲੇ ਦੇ ਪਿੰਡ ਖੁਵਾਸਪੁਰ ਨੇੜੇ ਬਦਮਾਸ਼ ਅਤੇ ਪੁਲਿਸ ਦੌਰਾਨ ਹੋਏ ਐਨਕਾਊਂਟਰ ’ਚ ਬਦਮਾਸ਼ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਬਦਮਾਸ਼ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲੈ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਫ਼ੜੇ ਗਏ ਬਦਮਾਸ਼ ਦੀ ਪਹਿਚਾਣ ਗੋਇੰਦਵਾਲ ਸਾਹਿਬ ਵਾਸੀ ਜਸਵਿੰਦਰ ਸਿੰਘ ਵਜੋਂ ਹੋਈ।
ਇਸ ਮੌਕੇ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਅਤੁੱਲ ਸੋਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਅੱਜ ਖੁਵਾਸਪੁਰ ਪਿੰਡ ਨੇੜੇ ਡੰਡਿਆਂ ਵਾਲੇ ਪੁਲ ’ਤੇ ਨਾਕੇਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਇਕ ਮੂੰਹ ਬੰਨਿਆ ਨੌਜਵਾਨ ਮੋਟਰਸਾਈਕਲ ਸਵਾਰ ਆਇਆ, ਜਿਸ ਨੂੰ ਨਾਕਾਬੰਦੀ ਦੌਰਾਨ ਰੋਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਪੁਲਿਸ ’ਤੇ ਫ਼ਾਇਰਿੰਗ ਕੀਤੀ ਗਈ। ਪੁਲਿਸ ਵੱਲੋਂ ਜਵਾਬੀ ਫ਼ਾਇਰਿੰਗ ਦੌਰਾਨ ਉਸਦੇ ਪੈਰ ’ਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਹੈ।
ਇਸ ਸਬੰਧੀ ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਖ਼ਮੀ ਬਦਮਾਸ਼ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਾ ਰਿਹਾ ਹੈ, ਬਦਮਾਸ਼ ਕੋਲੋਂ ਇਕ 32 ਬੋਰ ਦਾ ਪਿਸਤੌਲ ਅਤੇ ਕੁਝ ਰੌਂਦ ਬਰਾਮਦ ਹੋਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਕਤ ਬਦਮਾਸ਼ ਗੈਂਗਸਟਰ ਲਖਬੀਰ ਲੰਡਾ ਗਿਰੋਹ ਨਾਲ ਸਬੰਧਤ ਹੈ।
