ਅੰਮ੍ਰਿਤਸਰ :-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਨਾਈਜੀਰੀਅਨ ਅਤੇ ਪੰਜਾਬੀ ਵਿਦਿਆਰਥੀਆਂ ਵਿਚਕਾਰ ਭਿਆਨਕ ਝੜਪ ਹੋਈ, ਜਿਸ ਵਿਚ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ।

ਇਹ ਘਟਨਾ ਬੀਤੀ ਸ਼ਾਮ ਵਾਪਰੀ ਜਦੋਂ ਵਿਦੇਸ਼ੀ ਵਿਦਿਆਰਥੀ ਅਤੇ ਪੰਜਾਬੀ ਵਿਦਿਆਰਥੀ ਆਪਸ ਵਿਚ ਝੜਪ ਗਏ। ਥਾਣਾ ਕੰਟੋਨਮੈਂਟ ਤੋਂ ਏ. ਐੱਸ. ਆਈ. ਅਮਰ ਸਿੰਘ ਨੇ ਕਿਹਾ ਕਿ ਲੜਾਈ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ ਵਿਚ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਦੋ ਵਿਦਿਆਰਥੀ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਜੁਗਰਾਜ ਸਿੰਘ ਨੇ ਕਿਹਾ ਕਿ ਲੜਾਈ ਵਿੱਚ ਸ਼ਾਮਲ ਵਿਦਿਆਰਥੀ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਸਨ, ਸਗੋਂ ਬਾਹਰੋਂ ਆਏ ਸਨ, ਜਦੋਂ ਕਿ ਏ. ਐੱਸ. ਆਈ. ਅਮਰ ਸਿੰਘ ਨੇ ਦੱਸਿਆ ਕਿ ਲੜਾਈ ਵਿਚ ਸ਼ਾਮਲ ਸਾਰੇ ਵਿਦਿਆਰਥੀ ਇੱਕੋ ਯੂਨੀਵਰਸਿਟੀ ਦੇ ਸਨ।
ਏ. ਐੱਸ. ਆਈ. ਅਮਰ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਅਜੇ ਤੱਕ ਕਿਸੇ ਨੇ ਬਿਆਨ ਦਰਜ ਨਹੀਂ ਕਰਵਾਇਆ ਹੈ, ਇਸ ਲਈ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਸਲੇ ਨੂੰ ਹੱਲ ਕਰਨ ਲਈ ਵਿਦਿਆਰਥੀ ਸੰਗਠਨਾਂ ਦੇ ਆਗੂ ਅਤੇ ਅਧਿਆਪਕ ਦੇਰ ਰਾਤ ਤੱਕ ਯੂਨੀਵਰਸਿਟੀ ਵਿੱਚ ਮੌਜੂਦ ਰਹੇ ਅਤੇ ਆਪਸੀ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ।
