ਮ੍ਰਿਤਕ ਦਾ ਸੁਸਾਈਡ ਨੋਟ ਵੀ ਹੋਇਆ ਬਰਾਮਦ, ਇਸ ਕਦਮ ਲਈ ਮਾਂ-ਪਿਉ ਤੋਂ ਮੰਗੀ ਮੁਆਫ਼ੀ
ਖੰਨਾ ‘ਚ ਐਂਗਲੋ ਸੰਸਕ੍ਰਿਤ ਕਾਲਜ ਵਿਚ ਇਕ ਵਿਦਿਆਰਥੀ ਵਲੋਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਕਾਲਜ ਪ੍ਰਬੰਧਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਬਲਵੰਤ ਸਿੰਘ ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਦੇ ਯੁਗ ਵਿਚ ਪੜ੍ਹਾਈ ਦੌਰਾਨ ਵਿਦਿਆਰਥੀਆਂ ਦੇ ਦਿਮਾਗ ਤੇ ਕਈ ਤਰ੍ਹਾਂ ਦੇ ਬੋਝ ਪੈ ਰਿਹਾ ਹੈ, ਜੋ ਕਿ ਵਿਖਾਈ ਨਹੀਂ ਦਿੰਦਾ। ਕੁਝ ਵਿਦਿਆਰਥੀਆਂ ਵਲੋਂ ਇਸ ਬਾਰੇ ਆਪਣੇ ਅਧਿਆਪਕਾ ਨਾਲ ਜਾਂ ਫੇਰ ਮਾਪਿਆਂ ਨਾਲ ਗੱਲਬਾਤ ਕਰ ਚੰਗੀ ਰਾਏ ਨਾਲ ਇਸ ਬੋਝ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕੁਝ ਵਿਦਿਆਰਥੀ ਇਸ ਬੋਝ ਤੋਂ ਹਾਰ ਮੰਨ ਬੈਠਦੇ ਹਨ। ਅਜਿਹਾ ਹੀ ਉਤਰ ਭਾਰਤ ਦੇ ਪੁਰਾਣੇ ਐਂਗਲੋ ਸੰਸਕ੍ਰਿਤ ਕਾਲਜ ‘ਚ ਪੜ੍ਹਨ ਵਾਲੇ ਵਿਦਿਆਰਥੀ ਰਾਜਵਿੰਦਰ ਸ਼ਰਮਾ ਨਾਲ ਹੋਇਆ, ਜਿਸ ਨੇ ਆਪਣੇ ਹੋਸਟਲ ਦੇ ਕਮਰੇ ’ਚ ਫ਼ਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ।
ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਖੰਨਾ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਕਿਸੇ ਨੂੰ ਆਪਣੀ ਮੌਤ ਲਈ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਆਪਣੇ ਮਾਂ-ਪਿਉ ਤੋਂ ਆਪਣੀ ਇਸ ਗਲਤੀ ਦੀ ਮੁਆਫ਼ੀ ਵੀ ਮੰਗੀ ਹੈ।
