26 ਫਰਵਰੀ ਨੂੰ ਹੀ ਖਤਮ ਹੋਵੇਗਾ ਮਹਾਕੁੰਭ
ਪ੍ਰਯਾਗਰਾਜ – ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਮਹਾਕੁੰਭ ਬਾਰੇ ਇਕ ਅਫਵਾਹ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਵਿਚ ਪ੍ਰਯਾਗਰਾਜ ਮਹਾਂਕੁੰਭ ਵਿਚ ਭਾਰੀ ਭੀੜ ਨੂੰ ਦੇਖਦੇ ਹੋਏ ਰਾਜ ਸਰਕਾਰ, ਮਹਾਕੁੰਭ ਮੇਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੇਲਾ ਮਾਰਚ ਤੱਕ ਵਧਾ ਦਿੱਤਾ ਹੈ। ਪ੍ਰਯਾਗਰਾਜ ਦੇ ਡੀ. ਐੱਮ. ਰਵਿੰਦਰ ਮਾਂਦਡ ਨੇ ਅਜਿਹੀਆਂ ਅਫਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਇਹ ਸਿਰਫ਼ ਇਕ ਅਫਵਾਹ ਹੈ।
ਡੀ. ਐੱਮ. ਰਵਿੰਦਰ ਮਾਂਦਡ ਨੇ ਕਿਹਾ ਕਿ ਮਹਾਕੁੰਭ ਮੇਲੇ ਦਾ ਸ਼ਡਿਊਲ ਸ਼ੁਭ ਸਮੇਂ ਅਨੁਸਾਰ ਜਾਰੀ ਕੀਤਾ ਜਾਂਦਾ ਹੈ ਅਤੇ ਪਹਿਲਾਂ ਤੋਂ ਹੀ ਤੈਅ ਕੀਤਾ ਜਾਂਦਾ ਹੈ। ਮਹਾਕੁੰਭ 26 ਫਰਵਰੀ ਦੀ ਨਿਰਧਾਰਤ ਮਿਤੀ ਨੂੰ ਸਮਾਪਤ ਹੋਵੇਗਾ ਅਤੇ ਉਦੋਂ ਤੱਕ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ ਸਾਰੇ ਸ਼ਰਧਾਲੂਆਂ ਦੀ ਸਹੂਲਤ ਅਤੇ ਪ੍ਰਬੰਧਾਂ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮੇਲੇ ਦੀ ਤਰੀਕ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਦਿਨਾਂ ਵਿੱਚ ਇਸ ਸਮੇਂ ਦੌਰਾਨ ਲੋਕਾਂ ਲਈ ਆਰਾਮਦਾਇਕ ਇਸ਼ਨਾਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸੰਗਮ ਵਿਚ ਇਸ਼ਨਾਨ ਕਰਨ ਤੋਂ ਬਾਅਦ ਲੋਕਾਂ ਦੇ ਆਪਣੇ ਟਿਕਾਣਿਆਂ ‘ਤੇ ਵਾਪਸ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪ੍ਰਬੰਧਨ ਸਾਡੀ ਤਰਜੀਹ ਹੈ। ਅਸੀਂ ਇਸ ‘ਤੇ ਲਗਾਤਾਰ ਕੰਮ ਕਰ ਰਹੇ ਹਾਂ। ਪ੍ਰਯਾਗਰਾਜ ਦੇ ਆਮ ਜੀਵਨ ਨੂੰ ਪ੍ਰਭਾਵਿਤ ਕੀਤੇ ਬਿਨਾਂ ਸ਼ਰਧਾਲੂਆਂ ਦੀ ਆਵਾਜਾਈ ਨੂੰ ਸੰਤੁਲਿਤ ਕਰ ਕੇ ਕੰਮ ਕੀਤਾ ਜਾ ਰਿਹਾ ਹੈ।
ਭੀੜ ਵਾਲੇ ਦਿਨਾਂ ਵਿਚ ਬੰਦ ਰਹਿੰਦਾ ਪ੍ਰਯਾਗ ਸੰਗਮ ਸਟੇਸ਼ਨ
ਰੇਲਵੇ ਸਟੇਸ਼ਨ ਬੰਦ ਕਰਨ ਬਾਰੇ ਡੀ. ਐੱਮ. ਨੇ ਕਿਹਾ ਕਿ ਕੋਈ ਵੀ ਰੇਲਵੇ ਸਟੇਸ਼ਨ ਬਿਨਾਂ ਕਿਸੇ ਪੂਰਵ ਸੂਚਨਾ ਦੇ ਬੰਦ ਨਹੀਂ ਕੀਤਾ ਗਿਆ ਹੈ, ਇਹ ਸਿਰਫ਼ ਇਕ ਅਫਵਾਹ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਭੀੜ ਵਾਲੇ ਦਿਨਾਂ ਵਿਚ ਦਾਰਾਗੰਜ ਵਿਚ ਪ੍ਰਯਾਗ ਸੰਗਮ ਸਟੇਸ਼ਨ ਨੂੰ ਬੰਦ ਕਰਦੇ ਰਹੇ ਹਾਂ। ਕਿਉਂਕਿ ਇਹ ਸਟੇਸ਼ਨ ਮੇਲੇ ਦੇ ਨਾਲ ਲੱਗਦਾ ਹੈ, ਇਸ ਲਈ ਇੱਥੇ ਵੱਡੀ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਇਸ ਨੂੰ ਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਡੇ ਸਾਰੇ ਸਟੇਸ਼ਨ ਚਾਲੂ ਹਨ ਅਤੇ ਉੱਥੋਂ ਵੱਡੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਇਕ ਇਤਿਹਾਸਕ ਮੌਕਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਮਾਰਗਦਰਸ਼ਨ ਹੇਠ ਅਸੀਂ ਸਾਰੀਆਂ ਗਤੀਵਿਧੀਆਂ ਆਮ ਵਾਂਗ ਚਲਾ ਰਹੇ ਹਾਂ।
