ਨਿਊਜ਼ੀਲੈਂਡ ਦੇ ਵਫ਼ਦ ਵੱਲੋਂ ਪੰਜਾਬ ਦੇ ਡੇਅਰੀ ਅਤੇ ਪਸ਼ੂ ਪਾਲਣ ਸੈਕਟਰ ਵਿਚ ਸਹਿਯੋਗੀ ਮੌਕਿਆਂ ਦੀ ਪਛਾਣ

ਮੁਰਾਹ ਪ੍ਰੋਜੇਨੀ ਟੈਸਟਿੰਗ ਪ੍ਰੋਜੈਕਟ ਦੀ ਸਫ਼ਲਤਾ ਦੇਖਣ ਲਈ 3 ਮੈਂਬਰੀ ਵਫ਼ਦ ਵੱਲੋਂ ਪਟਿਆਲਾ ਜ਼ਿਲ੍ਹੇ ਦਾ ਦੌਰਾ

ਚੰਡੀਗੜ੍ਹ : ਨਿਊਜ਼ੀਲੈਂਡ ਦੇ ਇਕ ਉੱਚ-ਪੱਧਰੀ ਵਫ਼ਦ ਨੇ ਅੱਜ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਪਸ਼ੂ ਪਾਲਣ ਖੇਤਰ ਵਿਚ ਆਪਸੀ ਸਹਿਯੋਗ ਬਾਰੇ ਚਰਚਾ ਕੀਤੀ ਗਈ ਅਤੇ ਪਸ਼ੂ ਪ੍ਰਜਨਨ ਤੇ ਡੇਅਰੀ ਸਿਸਟਮ ਵਿਚ ਲੱਗੇ ਛੋਟੇ ਕਿਸਾਨਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ।

ਦੱਸਣਯੋਗ ਹੈ ਕਿ ਇਸ ਵਫ਼ਦ ਵਿਚ ਐੱਮ. ਪੀ. ਆਈ. ਤੋਂ ਪ੍ਰੋਫੈਸਰ ਗੈਰੀ ਉਡੀ, ਮੈਸੀ ਯੂਨੀਵਰਸਿਟੀ ਤੋਂ ਪ੍ਰੋ. ਨਿਕੋਲਸ ਲੋਪੇਜ਼ ਅਤੇ ਟੀ. ਆਰ. ਜੀ./ਏ. ਬੀ. ਐੱਸ. ਤੋਂ ਡਾ. ਡੇਵਿਡ ਹੇਮੈਨ, ਐੱਨ. ਡੀ. ਡੀ. ਬੀ. ਤੋਂ ਡਾ. ਆਰ. ਓ. ਗੁਪਤਾ ਸ਼ਾਮਲ ਸਨ।

ਰਾਹੁਲ ਭੰਡਾਰੀ ਨੇ ਵਫ਼ਦ ਨੂੰ ਕੌਮੀ ਡੇਅਰੀ ਯੋਜਨਾ-1 ਤਹਿਤ ਚੱਲ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ, ਜੋ ਕਿ ਜੁਲਾਈ 2013 ਵਿਚ ਸ਼ੁਰੂ ਕੀਤੀ ਗਈ ਸੀ। ਇਹ ਪ੍ਰੋਜੈਕਟ ਵੰਸ਼ਜ ਜਾਂਚ, ਜੈਨੇਟਿਕ ਮੁਲਾਂਕਣ ਅਤੇ ਚੋਣਵੇਂ ਪ੍ਰਜਨਨ ਰਾਹੀਂ ਪਸ਼ੂਆਂ ਅਤੇ ਮੱਝਾਂ ਦੀ ਆਬਾਦੀ ਵਿਚ ਜੈਨੇਟਿਕ ਯੋਗਤਾ ਨੂੰ ਬਿਹਤਰ ਬਣਾਉਣ ’ਤੇ ਕੇਂਦਰਿਤ ਕਰਦਾ ਹੈ।

ਪ੍ਰੋਜੈਕਟ ਦੇ ਮੁੱਖ ਉਦੇਸ਼ਾਂ ਵਿਚ ਵੀਰਜ ਸਟੇਸ਼ਨਾਂ ਲਈ ਉੱਚ ਜੈਨੇਟਿਕ ਯੋਗਤਾ (ਐੱਚ. ਜੀ. ਐੱਮ.) ਬਲਦਾਂ ਨੂੰ ਜਨਮ ਦੇਣ ਸਬੰਧੀ ਪ੍ਰਕਿਰਿਆ, ਨੌਜਵਾਨ ਬਲਦਾਂ, ਬੁਲ ਡੈਮਜ਼ ਅਤੇ ਬੁਲ ਸਾਇਰਸ ਦੇ ਜੈਨੇਟਿਕ ਮੁਲਾਂਕਣ ਲਈ ਇਕ ਮਜ਼ਬੂਤ ਪ੍ਰਣਾਲੀ ਸਥਾਪਤ ਕਰਨਾ ਅਤੇ ਪਸ਼ੂਆਂ ਤੇ ਮੱਝਾਂ ਦੀ ਆਬਾਦੀ ਵਿਚ ਦੁੱਧ, ਚਰਬੀ, ਸੀ. ਐੱਨ. ਐੱਫ. ਅਤੇ ਪ੍ਰੋਟੀਨ ਉਪਜ ਵਿਚ ਸਥਿਰ ਜੈਨੇਟਿਕ ਪ੍ਰਗਤੀ ਪ੍ਰਾਪਤ ਕਰਨਾ ਸ਼ਾਮਲ ਹੈ।

ਭੰਡਾਰੀ ਨੇ ਕਿਹਾ ਕਿ ਇਸ ਵੇਲੇ ਇਹ ਪ੍ਰੋਜੈਕਟ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਟਿਆਲਾ, ਸੰਗਰੂਰ ਅਤੇ ਬਰਨਾਲਾ ਸਮੇਤ 160 ਸੰਸਥਾਵਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਗਈਆਂ ਹਨ, ਜਿਸ ਵਿਚ 4,50,000 ਤੋਂ ਵੱਧ ਮਸਨੂਈ ਗਰਭਧਾਨ (ਏ. ਆਈ.), 50,000 ਮਾਦਾ ਵੱਛੀਆਂ ਦੀ ਰਜਿਸਟ੍ਰੇਸ਼ਨ, 2,20,000 ਜਾਨਵਰਾਂ ਦੇ ਸਰੀਰ ਦੇ ਮਾਪ, 6,000 ਵੱਛੀਆਂ ਦੀ ਦੁੱਧ ਰਿਕਾਰਡਿੰਗ ਅਤੇ ਉਨ੍ਹਾਂ ਦੀਆਂ ਕਿਸਮਾਂ ਦਾ ਵਰਗੀਕਰਨ ਅਤੇ 650 ਐੱਚ. ਜੀ. ਐੱਮ. ਨਰ ਵੱਛਿਆਂ ਦੀ ਖਰੀਦ ਸ਼ਾਮਲ ਹੈ।

ਉਨ੍ਹਾਂ ਨੇ ਸੂਬੇ ਵਿਚ ਦੁੱਧ ਉਤਪਾਦਨ ਅਤੇ ਇਸਦੀ ਗੁਣਵੱਤਾ ਨੂੰ ਹੋਰ ਵਧਾਉਣ ਲਈ ਉੱਚ-ਗੁਣਵੱਤਾ ਵਾਲੇ ਸਾਨ੍ਹਾ ਦੀ ਖਰੀਦ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਵਫ਼ਦ ਨੇ ਪ੍ਰਬੰਧਨ ਅਭਿਆਸਾਂ ’ਤੇ ਵਿਸਥਾਰਤ ਵਿਚਾਰ-ਵਟਾਂਦਰੇ ਵਿਚ ਵੀ ਹਿੱਸਾ ਲਿਆ ਅਤੇ ਸਥਾਨਕ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਮੁਰਾਹ ਪ੍ਰੋਜੇਨੀ ਟੈਸਟਿੰਗ (ਪੀ. ਟੀ.) ਪ੍ਰੋਜੈਕਟ ਦੀ ਸਫ਼ਲਤਾ ਨੂੰ ਦੇਖਣ ਲਈ ਪਟਿਆਲਾ ਜ਼ਿਲ੍ਹੇ ਦੇ ਪ੍ਰੋਜੈਕਟ ਪਿੰਡਾਂ, ਜਿਨ੍ਹਾਂ ਵਿਚ ਚਾਸਵਾਲ, ਸਹੋਲੀ ਅਤੇ ਲੌਟ ਸ਼ਾਮਲ ਹਨ, ਦਾ ਦੌਰਾ ਕੀਤਾ।

ਪੰਜਾਬ ਦੇ ਪਸ਼ੂ ਪਾਲਣ ਨਿਰਦੇਸ਼ਕ ਡਾ. ਜੀ. ਐੱਸ. ਬੇਦੀ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਸੂਬੇ ਵਿਚ ਪ੍ਰੋਜੈਕਟ ਦੇ ਕੰਮਕਾਜ ਅਤੇ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟਾਈ।  ਇਸ ਮੀਟਿੰਗ ਵਿਚ ਪ੍ਰੋਜੈਕਟ ਕੋਆਰਡੀਨੇਟਰ ਡਾ. ਅਮਿਤ ਖੁਰਾਨਾ ਅਤੇ ਡਾ. ਆਰ. ਪੀ. ਐੱਸ. ਬਾਲੀ ਵੀ ਸ਼ਾਮਲ ਹੋਏ।

Leave a Reply

Your email address will not be published. Required fields are marked *