ਅਮਰੀਕਾ ਤੋਂ ਡਿਪੋਰਟ ਹੋਇਆ ਨੌਜਵਾਨ ਗ੍ਰਿਫ਼ਤਾਰ

ਨਾਬਾਲਿਗ ਨਾਲ ਛੇੜਛਾੜ ਦਾ ਮਾਮਲਾ

ਬੀਤੀ ਰਾਤ 112 ਭਾਰਤੀ ਲੋਕਾਂ ਨੂੰ ਲੈਕੇ ਅਮਰੀਕੀ ਫੌਜ ਦਾ ਜਹਾਜ਼ C-17A ਗਲੋਬਮਾਸਟਰ ਅੰਮ੍ਰਿਤਸਰ ਦੀ ਜ਼ਮੀਨ ਤੇ ਉੱਤਰਿਆ। ਡਿਪੋਰਟ ਕੀਤੇ ਇਨ੍ਹਾਂ 31 ਪੰਜਾਬੀਆਂ ਵਿਚੋਂ 2 ਔਰਤਾਂ ਵੀ ਸ਼ਾਮਲ ਹਨ। ਇਹਨਾਂ ਲੋਕਾਂ ਦੇ ਵਾਪਿਸ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਅਲਰਟ ਤੇ ਹਨ। ਹਰਿਆਣਾ ਦਾ ਇਕ ਨੌਜਵਾਨ, ਜਿਸਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਕੱਲ੍ਹ ਰਾਤ ਭਾਰਤ ਵਾਪਸ ਆਇਆ ਸੀ, ਉਹ ਪੋਕਸੋ ਐਕਟ ਤਹਿਤ ਦਰਜ ਮਾਮਲੇ ਵਿੱਚ ਮੁਲਜ਼ਮ ਪਾਇਆ ਗਿਆ। ਜਿਵੇਂ ਹੀ ਕੁਰੂਕਸ਼ੇਤਰ ਦਾ ਇਹ ਨੌਜਵਾਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ, ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਅਨੁਸਾਰ ਨੌਜਵਾਨ ‘ਤੇ 2022 ਵਿਚ ਇਕ ਨਾਬਾਲਿਗ ਲੜਕੀ ਨਾਲ ਛੇੜਛਾੜ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਇਲਜ਼ਾਮ ਸੀ। ਜਦੋਂ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਤਾਂ ਉਹ 2022 ਵਿਚ ਹੀ ਵਿਦੇਸ਼ ਚਲਾ ਗਿਆ।

ਪਟਿਆਲਾ ਵਿਚ ਵੀ ਹੋਈ ਸੀ ਗ੍ਰਿਫ਼ਤਾਰੀ

ਇਸ ਤੋਂ ਇਕ ਦਿਨ ਪਹਿਲਾ ਦੂਜੇ ਗਰੁੱਪ ਰਾਹੀਂ ਭਾਰਤ ਪਹੁੰਚੇ ਲੋਕਾਂ ਵਿਚੋਂ ਪਟਿਆਲਾ ਪੁਲਿਸ ਨੇ ਜਹਾਜ਼ ਤੋਂ ਉਤਰਦੇ ਹੀ ਪੰਜਾਬ ਦੇ ਦੋ ਚਚੇਰੇ ਭਰਾਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਹਨਾਂ ਵਿਰੁੱਧ 2 ਸਾਲ ਪਹਿਲਾਂ ਹੋਏ ਕਤਲ ਦਾ ਮਾਮਲਾ ਦਰਜ ਹੈ। ਜਾਂਚ ਤੋਂ ਪਤਾ ਲੱਗਾ ਕਿ ਸਜ਼ਾ ਤੋਂ ਬਚਣ ਲਈ ਦੋਵੇਂ ਭਰਾ ਡੰਕੀ ਰਾਹੀਂ ਅਮਰੀਕਾ ਭੱਜ ਗਏ ਸਨ। ਰਾਜਪੁਰਾ ਸਿਟੀ ਪੁਲਿਸ ਸਟੇਸ਼ਨ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ।

ਉਨ੍ਹਾਂ ਦੀ ਪਛਾਣ ਸੰਦੀਪ ਅਤੇ ਪ੍ਰਦੀਪ ਵਜੋਂ ਹੋਈ ਹੈ। ਉਹ ਪਟਿਆਲਾ ਦੇ ਰਾਜਪੁਰਾ ਦਾ ਰਹਿਣ ਵਾਲੇ ਹਨ। ਹਾਲਾਂਕਿ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਝੂਠੇ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।

18,000 ਭਾਰਤੀ ਪ੍ਰਵਾਸੀਆਂ ਦੀ ਪਛਾਣ

ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਲਈ ਇਹ ਤੀਜੀ ਉਡਾਣ ਹੈ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਤੇ ਅਮਰੀਕਾ ਨੇ ਲਗਭਗ 18,000 ਭਾਰਤੀ ਪ੍ਰਵਾਸੀਆਂ ਦੀ ਪਛਾਣ ਕਰ ਲਈ ਹੈ। ਇਹ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਸਨ। ਇਹ ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿਚ ਅਜਿਹੇ ਕਈ ਜਹਾਜ਼ ਭਾਰਤ ਆ ਸਕਦੇ ਹਨ।

Leave a Reply

Your email address will not be published. Required fields are marked *