ਲ਼ਹਿਰਾਗਾਗਾ : -ਪੰਜਾਬ ਦੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਹਲਕਾ ਲਹਿਰਾ ਵਿਚ 11.04 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 5 ਨਵੇਂ ਪੁਲਾਂ ਦੇ ਨੀਂਹ ਪੱਥਰ ਰੱਖਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਲਹਿਰਾ ਦਾ ਬਹੁਪੱਖੀ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਝੰਬੋਵਾਲੀ ਚੋਅ ਉਤੇ 1 ਅਤੇ ਲਹਿਰਾਗਾਗਾ ਮੇਨ ਡਰੇਨ ’ਤੇ 4 ਨਵੇਂ ਪੁਲਾਂ ਨੂੰ ਬਣਾਉਣ ਦੇ ਕਾਰਜ ਆਰੰਭ ਕਰਵਾਏ ਗਏ ਹਨ ਤੇ ਇਹ ਪੁਲ ਬਣਨ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਕੈਬਨਿਟ ਮੰਤਰੀ ਨੇ ਨੀਹ ਪੱਥਰ ਰੱਖਦਿਆਂ ਦੱਸਿਆ ਕਿ ਝੰਬੋਵਾਲੀ ਚੋਅ ਉੱਤੇ ਪਿੰਡ ਬਾਦਲਗੜ੍ਹ ਤੋਂ ਨਵਾਂ ਗਾਓ ਸੜਕ ਉੱਤੇ 3.30 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾਇਆ ਜਾ ਰਿਹਾ ਹੈ ਜੋ ਕਿ 18 ਫੁੱਟ ਚੌੜਾ ਹੋਵੇਗਾ। ਲਹਿਲ ਕਲਾਂ ਤੋਂ ਜਵਾਹਰ ਵਾਲਾ ਅਤੇ ਮੂਨਕ ਤੋਂ ਲਹਿਰਾ ਸੜਕ ’ਤੇ (ਲਹਿਲ ਕਲਾਂ ਤੋਂ ਲਹਿਲ ਖੁਰਦ ਪੱਕੀ ਸੜਕ ਉੱਤੇ) ਪਹਿਲਾਂ ਬਣੇ ਹੋਏ ਪੁਲ ਤੰਗ ਤੇ ਨੀਵੇਂ ਹਨ ਤੇ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਇੱਥੇ ਕਰਮਵਾਰ 3.15 ਕਰੋੜ ਰੁਪਏ ਤੇ 1.90 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਪੁਲ ਸਿੱਧੇ ਕਰ ਕੇ ਬਣਵਾਏ ਜਾ ਰਹੇ ਹਨ।
ਮੰਤਰੀ ਗੋਇਲ ਨੇ ਪਿੰਡ ਲਹਿਲ ਕਲਾਂ ਤੋਂ ਖੇਤਾਂ ਤੱਕ 1.33 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਦਿਆਂ ਦੱਸਿਆ ਕਿ ਕੱਚੇ ਰਸਤੇ ਵਿੱਚੋਂ ਲੰਘਣਾ ਲੋਕਾਂ ਲਈ ਜੋਖਮ ਭਰਿਆ ਹੈ ਤੇ ਲੋਕਾਂ ਦੀ ਵੱਡੀ ਲੋੜ ਨੂੰ ਦੇਖਦਿਆਂ ਇਥੇ ਪੁਲ ਬਣਵਾਇਆ ਜਾ ਰਿਹਾ ਹੈ। ਬਖੌਰਾ ਤੋਂ ਬੱਲਰਾਂ ਰੋਡ ਵਿਖੇ 1.36 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਹ ਪੱਥਰ ਵੀ ਰੱਖਿਆ।
