ਚੰਗੀ ਸਿਹਤ ਲਈ ਮੂਲ ਅਨਾਜ ਨੂੰ ਰੋਜ਼ਾਨਾ ਦੇ ਖਾਣੇ ਵਿਚ ਸ਼ਾਮਲ ਕਰਨ ਦੀ ਲੋੜ : ਕੈਬਨਿਟ ਮੰਤਰੀ ਧਾਲੀਵਾਲ

ਵਿਧਾਇਕ ਸੰਧੂ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ ਈਟ ਰਾਈਟ ਮੇਲੇ ਦਾ ਉਦਘਾਟਨ

ਅੰਮ੍ਰਿਤਸਰ :-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲੇ ਪੰਜਾਬ ਦੇ ਲਏ ਸੁਪਨੇ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਪੰਜਾਬੀਆਂ ਦੀ ਚੰਗੀ ਸਿਹਤ ਲਈ ਜਾਗਰੂਕਤਾ ਫੈਲਾਉਣ ਦੇ ਯਤਨ ਨਾਲ ਅੰਮ੍ਰਿਤਸਰ ਵਿਚ ਈਟ ਰਾਈਟ ਮੇਲਾ ਕਰਵਾਇਆ ਗਿਆ।

ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ (ਐੱਫ. ਡੀ. ਏ.) ਵਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਸਹਿਯੋਗ ਨਾਲ ਕੰਪਨੀ ਬਾਗ ਵਿਖੇ ਕਰਵਾਏ ਗਏ ਈਟ ਰਾਈਟ ਮੇਲੇ ਦਾ ਉਦਘਾਟਨ ਕਰਦਿਆਂ ਵਿਧਾਇਕ ਜਸਬੀਰ ਸਿੰਘ ਸੰਧੂ ਨੇ ਸਮਾਗਮ ਵਿਚ ਹਾਜ਼ਰ ਕਿਸਾਨਾਂ, ਖੁਰਾਕ ਮਾਹਿਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੂਲ ਅਨਾਜ ਦੀ ਪੈਦਾਵਾਰ ਕਰਨ ਦੇ ਜ਼ੋਰ ਦਿੱਤਾ।

ਡਾ. ਸੰਧੂ ਨੇ ਕਿਹਾ ਕਿ ਆਪਣੀ ਧਰਤੀ ਨੂੰ ਜ਼ਹਿਰ ਕੋਲੋਂ ਬਚਾਉਣ ਲਈ ਸਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਟਾ ਅਨਾਜ ਜਿਸ ਵਿਚ ਮੁੱਖ ਤੌਰ ’ਤੇ ਬਾਜ਼ਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ, ਸਾਂਵਾਂ ਅਤੇ ਰਾਗੀ ਆਉਂਦੇ ਹਨ, ਨੂੰ ਬਿਲਕੁਲ ਹੀ ਅਸੀਂ ਭੁੱਲ ਗਏ ਹਾਂ, ਜਦਕਿ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦਾ ਸੇਵਨ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੀ ਪੈਦਾਵਾਰ ਕਰਨ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ, ਉਥੇ ਦਵਾਈਆਂ ਵੀ ਘੱਟ ਵਰਤਣੀਆਂ ਪੈਂਦੀਆਂ ਹਨ, ਜਿਸ ਨਾਲ ਸਾਡੀ ਮਿੱਟੀ ਦੀ ਉਪਜਾਊ ਬਣੀ ਰਹਿੰਦੀ ਹੈ।

ਮੰਤਰੀ ਧਾਲੀਵਾਲ ਨੇ ਕਿਹਾ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਦੇ ਫਾਇਦੇ ਬਾਰੇ ਜਾਗਰੂਕਤਾ ਲਹਿਰ ਫੈਲਾਉਣ ਵਾਲਿਆਂ ਨਾਗਰਿਕਾਂ ਦੀ ਸਰਕਾਰ ਵੀ ਮਦਦ ਕਰੇਗੀ। ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਕਿਸੇ ਸਮੇਂ ਮੋਟਾ ਅਨਾਜ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੁੰਦੀ ਸੀ ਪਰ ਸਾਡੀ ਰਹਿਣ-ਸਹਿਣ ਵਿਚ ਆਏ ਵੱਡੇ ਬਦਲਾਅ ਕਾਰਨ ਇਹ ਸਾਡੀ ਥਾਲੀ ਵਿਚੋਂ ਗਾਇਬ ਹੋ ਗਿਆ ਹੈ। ਉਸ ਦਾ ਖਾਮਿਆਜਾ ਅਸੀਂ ਕਈ ਭਿਆਨਕ ਬੀਮਾਰੀਆਂ ਨਾਲ ਭੁਗਤ ਰਹੇ ਹਾਂ।

ਅੱਜ ਸਾਨੂੰ ਲੋੜ ਹੈ ਕਿ ਮੋਟੇ ਅਨਾਜ ਨੂੰ ਮੁੜ ਆਪਣੀ ਸਾਡੀ ਥਾਲੀ ਦਾ ਹਿੱਸਾ ਬਣਾਈਏ ਤਾਂ ਬੀਮਾਰੀਆਂ ਤੋਂ ਬਚੀਏ। ਉਨ੍ਹਾਂ ਕਿਹਾ ਕਿ ਅਸੀਂ ਕਣਕ ਅਤੇ ਝੋਨੇ ਦੀ ਜ਼ਿਆਦਾ ਵਰਤੋਂ ਕਰ ਕੇ ਖੁਦ ਬੀਮਾਰੀਆਂ ਨੂੰ ਸੱਦਾ ਦਿੱਤਾ ਹੈ ਅਤੇ ਸਾਨੂੰ ਮੁੜ ਆਪਣਾ ਮੂਲ ਅਨਾਜ ਵੱਲ ਮੁੜਨਾ ਪਵੇਗਾ।

ਵਿਧਾਇਕਾ ਜੀਵਨਜੋਤ ਕੌਰ ਜਿਨ੍ਹਾਂ ਨੇ ਸਵੇਰੇ ਵਾਕਾਥਾਨ ਦੀ ਸ਼ੁਰੂਆਤ ਵੀ ਕਰਵਾਈ ਨੇ ਕਿਹਾ ਕਿ ਕਣਕ ਵਿਚ ਗਲੂਟਨ ਦੀ ਜ਼ਿਆਦਾ ਮਾਤਰਾ ਹੋਣ ਕਰ ਕੇ ਅਸੀਂ ਬੀਮਾਰ ਹੋ ਰਹੇ ਹਾਂ ਅਤੇ ਕੈਮਿਕਲਾਂ ਦੀ ਵਰਤੋਂ ਕਰ ਕੇ ਆਪਣੀ ਮਿੱਟੀ ਵੀ ਖਰਾਬ ਕਰ ਰਹੇ ਹਾਂ, ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ।

ਇਸ ਮੌਕੇ ਮਹਿਮਾਨਾਂ ਨੇ ਮੇਲੇ ਵਿਚ ਕੁਦਰਤੀ ਖੇਤੀ ਅਤੇ ਮੋਟੇ ਅਨਾਜ ਦੇ ਪ੍ਰਚਾਰ ਹਿੱਤ ਲੱਗੇ ਹੋਏ ਵੱਖ-ਵੱਖ ਸਟਾਲਾਂ ਨੂੰ, ਬੜੀ ਗਹੁ ਨਾਲ ਵੇਖਿਆ ਅਤੇ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।

ਮੇਲੇ ਵਿਚ ਵਧੀਕ ਡਿਪਟੀ ਕਮਿਸ਼ਨਰ ਜੋਤੀ ਬਾਲਾ, ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ, ਸਿਵਲ ਸਰਜਨ ਡਾ. ਕਿਰਨਪ੍ਰੀਤ ਕੌਰ, ਡੀ. ਈ. ਓ. ਹਰਭਗਵੰਤ ਸਿੰਘ, ਸਹਾਇਕ ਫੂਡ ਕਮਿਸ਼ਨਰ ਰਾਜਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *