ਲੋਕਾਂ ਨੇ ਲਾਇਆ ਜਾਮ
ਦੇਵੀਗਡ਼੍ਹ, :- ਅੱਜ ਦੁਪਹਿਰ ਸਮੇਂ ਥਾਣਾ ਜੁਲਕਾਂ ਅਧੀਨ ਆਉਂਦੇ ਪਿੰਡ ਮਾਡ਼ੂ ਵਿਖੇ ਇਕ ਹਰਿਆਣਾ ਰੋਡਵੇਜ ਦੀ ਬੱਸ ਨਾਲ ਇਕ ਨੌਜਵਾਨ ਦੀ ਟੱਕਰ ਹੋਣ ਕਾਰਨ ਪਿੰਡ ਹਰੀ ਮਾਜਰਾ ਦਾ ਨੌਜਵਾਨ ਬਰਖਾ ਰਾਮ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਲੋਕਾਂ ਵੱਲੋਂ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਬਾਅਦ ’ਚ ਮੌਤ ਹੋ ਗਈ।
ਵਰਨਣਯੋਗ ਹੈ ਕਿ ਹਾਈਵੇ ’ਤੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਵੱਲੋਂ ਚੱਲ ਰਹੇ ਧਰਨੇ ਕਾਰਨ ਬਹੁਤ ਸਾਰੀ ਆਵਾਜਾਈ ਪਿੰਡ ਮਾਡ਼ੂ ਅਤੇ ਕਸਬਾ ਦੇਵੀਗਡ਼੍ਹ ਦੇ ਘੱਗਰ ਦੇ ਪੁਲ ਤੋਂ ਲੰਘਦੀ ਹੈ। ਪਿੰਡ ਮਾਡ਼ੂ ਵਾਲੀ ਸਡ਼ਕ ਤੰਗ ਹੋਣ ਕਰ ਕੇ ਇਸ ਸਡ਼ਕ ਦੇ ਦੋਵੀਂ ਪਾਸੀਂ ਜਗ੍ਹਾ ਨਹੀਂ ਬਚਦੀ, ਜਿਸ ਕਰ ਕੇ ਇਸ ਸਡ਼ਕ ਤੋਂ ਕੋਈ ਨਾ ਕੋਈ ਦੁਰਘਟਨਾ ਹੁੰਦੀ ਹੀ ਰਹਿੰਦੀ ਹੈ।
ਇਸ ਦੁਰਘਟਨਾ ਦੇ ਵਿਰੋਧ ’ਚ ਪਿੰਡ ਮਾਡ਼ੂ ਦੇ ਸਰਪੰਚ ਬਲਜਿੰਦਰ ਸਿੰਘ ਬੱਖੂ ਦੀ ਅਗਵਾਈ ਅਤੇ ਪਿੰਡ ਮਾਡ਼ੂ ਤੇ ਮਜੌਲੀ ਦੇ ਲੋਕਾਂ ਵੱਲੋਂ ਜਾਮ ਲਾਇਆ ਗਿਆ ਅਤੇ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਵਾਲੇ ਟਿੱਪਰ ਅਤੇ ਹੋਰ ਭਾਰੀ ਵਾਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਕੋਈ ਹੋਰ ਅਣਸੁਖਾਵੀਂ ਘਟਨਾ ਨਾ ਵਾਪਰੇ।
ਇਸ ਮੌਕੇ ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਾਦਸੇ ਵਾਲੀ ਬੱਸ ਦੇ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ।
ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਮੰਗ ਕਰਨ ਕਿ ਇਸ ਸਡ਼ਕ ’ਤੇ ਚੱਲਦੀ ਭਾਰੀ ਆਵਾਜਾਈ ਨੂੰ ਬੰਦ ਕੀਤਾ ਜਾਵੇ।
