ਵਾਲ ਆਫ਼ ਫੇਮ’ ਨੂੰ ਦੇਖ ਕੇ ਨੌਜਵਾਨ ਅੱਗੇ ਵਧਣ ਦੀ ਪ੍ਰੇਰਨਾ ਲੈਣਗੇ : ਡਿਪਟੀ ਕਮਿਸ਼ਨਰ
ਦੀਨਾਨਗਰ :- ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਦਫ਼ਤਰ ਦੀਨਾਨਗਰ ਵਿਖੇ ‘ਵਾਲ ਆਫ਼ ਫੇਮ’ ਸਥਾਪਿਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਬੇਦੀ, ਐੱਸ. ਡੀ. ਐੱਮ. ਦੀਨਾਨਗਰ ਜਸਪਿੰਦਰ ਸਿੰਘ ਭੁੱਲਰ, ਡੀ. ਐੱਸ. ਪੀ. ਦਿਲਪ੍ਰੀਤ ਸਿੰਘ, ਤਹਿਸੀਲਦਾਰ ਅਭਿਸ਼ੇਕ ਵਰਮਾ, ਐੱਸ. ਐੱਸ. ਐੱਮ. ਕਾਲਜ ਦੀਨਾਨਗਰ ਦੇ ਡੀਨ ਸਟੂਡੈਂਟ ਵੈੱਲਫੇਅਰ ਪ੍ਰਬੋਧ ਗਰੋਵਰ, ਨੋਹਿਤ ਸ਼ਰਮਾ ਸਮੇਤ ਹੋਰ ਅਧਿਕਾਰੀ ਅਤੇ ਸਮਾਜ ਸੇਵੀ ਵੀ ਹਾਜ਼ਰ ਸਨ।
ਐੱਸ. ਡੀ. ਐੱਮ. ਦਫ਼ਤਰ ਦੀਨਾਨਗਰ ਵਿਖੇ ‘ਵਾਲ ਆਫ਼ ਫੇਮ’ ਦਾ ਉਦਘਾਟਨ ਕਰਨ ਮੌਕੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਬਸ਼ਿੰਦਿਆਂ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ, ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ।
ਅੱਜ ਐੱਸ. ਡੀ. ਐੱਮ. ਦਫ਼ਤਰ ਦੀਨਾਨਗਰ ਵਿਖੇ ਸਥਾਪਿਤ ‘ਵਾਲ ਆਫ਼ ਫੇਮ’ ਉੱਪਰ ਦੀਨਾਨਗਰ ਤਹਿਸੀਲ ਨਾਲ ਸਬੰਧਤ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿਚ ਡਾ. ਹਰਜਿੰਦਰ ਸਿੰਘ ਬੇਦੀ, ਆਈ. ਏ. ਐੱਸ. ਜੋ ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ ਜਨਰਲ, ਗੁਰਦਾਸਪੁਰ, ਰਜਿੰਦਰ ਕਸ਼ਯਪ ਸਾਬਕਾ ਆਈ. ਏ. ਐੱਸ. ਅਧਿਕਾਰੀ, ਡਾ. ਗੁਲਜ਼ਾਰ ਚੀਮਾ ਐੱਮ. ਐੱਲ. ਏ. ਕੈਨੇਡਾ, ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਕਰਨਲ ਡਾ. ਅੰਕੁਸ਼ ਮਲਹੋਤਰਾ, ਬੀ.ਐੱਸ.ਐੱਫ ਅਧਿਕਾਰੀ ਰਜਨੀਸ਼ ਕਸ਼ਯਪ, ਡਾ. ਮਨਪ੍ਰੀਤ ਕੌਰ ਅਸਿਸਟੈਂਟ ਕਮਾਡੈਂਟ ਮੈਡੀਕਲ ਅਫ਼ਸਰ ਬੀ.ਐੱਸ.ਐੱਫ਼, ਉੱਘੇ ਲੋਕ ਗਾਇਕ ਜਸਬੀਰ ਜੱਸੀ, ਅਮਨਦੀਪ ਸਿੰਘ ਘੁੰਮਣ ਸਿਵਲ ਜੱਜ, ਮਿਸ ਦਿਵਿਯਾਨੀ ਲੂਥਰਾ ਸਿਵਲ ਜੱਜ, ਲਵਕੇਸ਼ ਸੈਣੀ ਡੀ.ਐੱਸ.ਪੀ. ਗੁਰਦਾਸਪੁਰ, ਮਨਦੀਪ ਸਿੰਘ ਸੈਣੀ ਨਾਇਬ ਤਹਿਸੀਲਦਾਰ, ਪ੍ਰਿਯੰਕਾ ਨਈਅਰ ਸਾਇੰਸਦਾਨ, ਡਾ. ਕਰਨਦੀਪ ਸਿੰਘ ਬੇਦੀ ਮੈਡੀਕਲ ਅਫ਼ਸਰ, ਹਰਿੰਦਰ ਸਿੰਘ ਅਧਿਕਾਰੀ ਭਾਰਤੀ ਫ਼ੌਜ, ਮੋਹਿਤ ਸ਼ਰਮਾ ਉੱਘੇ ਬਿਜ਼ਨਸਮੈਨ, ਰਚਨਾ ਕਸ਼ਯਪ ਸਬ ਇੰਸਪੈਕਟਰ ਪੰਜਾਬ ਪੁਲਸ ਦੀਆਂ ਤਸਵੀਰਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਸ ਵਾਲ ਆਫ਼ ਫੇਮ ਉੱਪਰ ਇਕ ਫ਼ੋਟੋ ਫਰੇਮ ਖ਼ਾਲੀ ਰੱਖਿਆ ਗਿਆ ਹੈ ਜੋ ਨੌਜਵਾਨ ਲੜਕੇ-ਲੜਕੀਆਂ ਨੂੰ ਪ੍ਰੇਰਿਤ ਕਰੇਗਾ ਕਿ ਉਹ ਵੀ ਅੱਗੇ ਵਧਣ ਤਾਂ ਜੋ ਇਸ ਖ਼ਾਲੀ ਫਰੇਮ ਵਿਚ ਉਨ੍ਹਾਂ ਦੀ ਤਸਵੀਰ ਲੱਗ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਜ਼ਿਲ੍ਹੇ ਦੀਆਂ ਮਾਣਮੱਤੀਆਂ ਧੀਆਂ ਦੀਆਂ ਤਸਵੀਰਾਂ ‘ਪਿੰਕ ਵਾਲ ਆਫ਼ ਫੇਮ’ ਉੱਪਰ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਇਨ੍ਹਾਂ ਸਾਰੀਆਂ ਹਸਤੀਆਂ ਉੱਪਰ ਪੂਰੇ ਜ਼ਿਲ੍ਹੇ ਨੂੰ ਮਾਣ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਉਪਰਾਲੇ ਨੌਜਵਾਨ ਵਰਗ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਿਚ ਸਹਾਈ ਹੋਣਗੇ।
