ਮਹਾਕੁੰਭ ਤੋਂ ਵਾਪਸ ਆ ਰਹੇ ਸੀ ਯਾਤਰੀ
ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ ਮਾਇਹਰ ਜ਼ਿਲ੍ਹਿਆਂ ਵਿਚ ਮੰਗਲਵਾਰ ਸਵੇਰੇ 2 ਸੜਕ ਹਾਦਸਿਆਂ ਵਿਚ ਪ੍ਰਯਾਗਰਾਜ ਵਿਚ ਮਹਾਕੁੰਭ ਤੋਂ ਵਾਪਸ ਆ ਰਹੇ 9 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ।
ਕੁਲੈਕਟਰ ਦੀਪਕ ਕੁਮਾਰ ਸਕਸੈਨਾ ਨੇ ਦੱਸਿਆ ਕਿ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਤੋਂ ਆਂਧਰਾ ਪ੍ਰਦੇਸ਼ ਵਾਪਸ ਆ ਰਹੇ ਯਾਤਰੀ ਵਾਹਨ ਵਿਚ ਸਵਾਰ 7 ਲੋਕਾਂ ਦੀ ਜਬਲਪੁਰ ਵਿਚ ਇਕ ਟਰੱਕ ਨੇ ਇਕ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ 8.30 ਵਜੇ ਦੇ ਕਰੀਬ ਸਿਹੋਰਾ ਕਸਬੇ ਨੇੜੇ ਵਾਪਰੀ, ਜੋ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ 65 ਕਿਲੋਮੀਟਰ ਦੂਰ ਹੈ।
ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਟਰੱਕ ਹਾਈਵੇ ’ਤੇ ਗ਼ਲਤ ਦਿਸ਼ਾ ਵਿਚ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ 7 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਮਿੰਨੀ ਬੱਸ ਦੇ ਅੰਦਰ ਫਸ ਗਏ। ਹਾਦਸੇ ਤੋਂ ਬਾਅਦ ਜਬਲਪੁਰ ਦੇ ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ।
ਨਾਦਨ ਦੇਹਾਤ ਪੁਲਿਸ ਸਟੇਸ਼ਨ ਦੇ ਮੁਖੀ ਕੇ. ਐੱਨ ਬੰਜਾਰੇ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਮਾਈਹਰ ਵਿਚ ਰਾਸ਼ਟਰੀ ਰਾਜਮਾਰਗ ਨੰਬਰ 30 ‘ਤੇ ਕੰਚਨਪੁਰ ਪਿੰਡ ਨੇੜੇ ਇੱਕ ਅਣਪਛਾਤੇ ਵਾਹਨ ਨੇ ਇੱਕ ਐਸਯੂਵੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਸਪੋਰਟਸ ਯੂਟਿਲਿਟੀ ਵਹੀਕਲ (ਐਸਯੂਵੀ) ਸਵਾਰ ਪ੍ਰਯਾਗਰਾਜ ਦੇ ਮਹਾਕੁੰਭ ਤੋਂ ਇੰਦੌਰ ਵਾਪਸ ਆ ਰਹੇ ਸਨ।
ਅਧਿਕਾਰੀ ਨੇ ਕਿਹਾ ਕਿ ਅਮਰਪਟਨ ਵਿੱਚ ਸ਼ੁਰੂਆਤੀ ਇਲਾਜ ਤੋਂ ਬਾਅਦ, ਸਾਰੇ ਜ਼ਖ਼ਮੀਆਂ ਨੂੰ ਸਤਨਾ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੰਜੂ ਸ਼ਰਮਾ (32) ਅਤੇ ਮਨੋਜ ਵਿਸ਼ਵਕਰਮਾ (42) ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਪੁਲਿਸ ਅਣਪਛਾਤੇ ਵਾਹਨ ਦੀ ਪਛਾਣ ਕਰਨ ਲਈ ਇਲਾਕੇ ਦੇ ਸੀ. ਸੀ. ਟੀ. ਵੀ. ਫ਼ੁਟੇਜ ਦੀ ਜਾਂਚ ਕਰ ਰਹੀ ਹੈ।

