ਪਟਿਆਲਾ – ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਦਿਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ੋਨਲ ਸੈਕਟਰੀ ਗੁਰੌੜਾਂ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਜਿਨ੍ਹਾਂ ’ਚ ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਲੈਣ, ਨਜ਼ੂਲ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ, ਨਜ਼ੂਲ ਜ਼ਮੀਨਾਂ ’ਤੇ ਖੇਤੀ ਕਰਦੇ ਐੱਸ. ਸੀ. ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦਾ ਲਾਭ ਦਿਵਾਉਣ, ਲੋੜਵੰਦ ਪਰਿਵਾਰਾਂ ਨੂੰ ਕੱਚੇ ਘਰਾਂ ਦੇ ਪੈਸੇ ਪਵਾਉਣ ਅਤੇ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਦੇਣ ਵਰਗੀਆਂ ਮੰਗਾਂ ਸ਼ਾਮਿਲ ਹਨ, ਨੂੰ ਹੱਲ ਕਰਵਾਉਣ ਲਈ ਵੱਖ-ਵੱਖ ਪਿੰਡਾਂ ਦੇ ਮਜ਼ਦੂਰ ਪੈਟਰੋਲ ਪੰਪ ਨੇੜੇ ਇਕੱਠੇ ਹੋ ਕੇ ਡੀ. ਸੀ. ਦਫ਼ਤਰ ਵੱਲ ਮਾਰਚ ਕਰਨ ਤੋਂ ਪਹਿਲਾਂ ਹੀ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਆਗੂਆਂ ਨੂੰ ਬੁਲਾਇਆ ਗਿਆ। ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ’ਚ ਏ. ਡੀ. ਸੀ. ਜਰਨਲ ਨਾਲ ਮੀਟਿੰਗ ਕਰਵਾਈ ਗਈ।
ਏ. ਡੀ. ਸੀ. ਵੱਲੋਂ ਆਗੂਆਂ ਤੋਂ ਮੰਗ ਪੱਤਰ ਲਿਆ ਅਤੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕਰ ਕੇ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੱਲ ਕਰਵਾਉਣ ਦਾ ਪੂਰਾ ਵਿਸ਼ਵਾਸ ਦਵਾਇਆ। ਜ਼ੋਨਲ ਆਗੂ ਧਰਮਵੀਰ ਹਰੀਗੜ੍ਹ ਅਤੇ ਧਰਮਪਾਲ ਨੂਰਖੇੜੀਆ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਮਸਲਿਆਂ ਨੂੰ ਹੱਲ ਨਾ ਕੀਤਾ ਜਾਵੇ ਮੁੜ ਸੰਘਰਸ਼ ਦਾ ਮੈਦਾਨ ਮੱਲਿਆ ਜਾਵੇਗਾ।
ਇਸ ਮੌਕੇ ਵੀਰਪਾਲ ਦੁੱਲੜ, ਪਰਮਜੀਤ ਮੰਡੋੜ, ਪਾਲਾ ਸਿੰਘ ਭੋਜੋਮਾਜਰੀ, ਰਣਧੀਰ ਸਿੰਘ ਰਾਏਪੁਰ ਮੰਡਲਾਂ, ਰਘਵੀਰ ਸਿੰਘ ਸਵਾਜਪੁਰ, ਸੁੱਚਾ ਸਿੰਘ ਦੌਣ, ਰੂਪ ਸਿੰਘ ਧਨੌਰੀ, ਅਵਤਾਰ ਸਿੰਘ ਲੰਗ, ਜਸਵੀਰ ਸਿੰਘ ਲੰਗੜੋਈ ਆਦਿ ਹਾਜ਼ਰ ਰਹੇ।
