ਲੁਧਿਆਣਾ : ਅੱਜ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋ ਗਏ ਹਨ। ਦੱਸ ਦਈਏ ਕਿ ਅਦਾਲਤ ਵੱਲੋਂ ਇਕ ਮਾਮਲੇ ਵਿਚ ਸੋਨੂੰ ਸੂਦ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ, ਜਿਸ ਮਗਰੋਂ ਉਨ੍ਹਾਂ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਪਣੀ ਗਵਾਹੀ ਦਰਜ ਕਰਵਾਈ ਹੈ।
ਦਰਅਸਲ ਅਦਾਲਤ ਨੇ ਇਕ ਫੌਜਦਾਰੀ ਮਾਮਲੇ ’ਚ ਦਾਇਰ ਸ਼ਿਕਾਇਤ ਵਿਚ ਗਵਾਹੀ ਲਈ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਸੋਨੂੰ ਸੂਦ ਖ਼ਿਲਾਫ਼ ਗ੍ਰਿਫ਼ਤਾਰੀ ਜਾਰੀ ਕੀਤੇ ਗਏ ਸਨ। ਇਸ ਸਬੰਧ ’ਚ ਲੁਧਿਆਣਾ ਦੇ ਹੀ ਇਕ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਸ਼ੁਕਲਾ ਖ਼ਿਲਾਫ਼ ਇਕ ਫੌਜਦਾਰੀ ਸ਼ਿਕਾਇਤ ਦਾਇਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕਈ ਗੰਭੀਰ ਦੋਸ਼ ਲਾਏ ਹਨ ਅਤੇ ਇਸੇ ਸ਼ਿਕਾਇਤ ਵਿਚ ਉਨ੍ਹਾਂ ਨੇ ਗਵਾਹੀ ਕਰਵਾਉਣ ਲਈ ਸੋਨੂੰ ਸੂਦ ਨੂੰ ਬਤੌਰ ਅਦਾਲਤ ਵਿਚ ਤਲਬ ਕੀਤਾ ਹੈ। ਅਦਾਲਤ ਵੱਲੋਂ ਸੋਨੂੰ ਸੂਦ ਨੂੰ ਗਵਾਹੀ ਲਈ ਵਾਰ-ਵਾਰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਗਿਆ। ਇਸ ਦੇ ਬਾਵਜੂਦ ਸੋਨੂੰ ਸੂਦ ਉਪਰੋਕਤ ਮਾਮਲੇ ਵਿਚ ਗਵਾਹੀ ਦੇਣ ਲਈ ਅਦਾਲਤ ਵਿਚ ਨਹੀਂ ਆਏ।
ਇਸ ਕਾਰਨ ਅਦਾਲਤ ਨੇ ਸੋਨੂੰ ਸੂਦ ਦੀ ਗਵਾਹੀ ਅਦਾਲਤ ਵਿਚ ਯਕੀਨੀ ਕਰਨ ਲਈ ਹੁਣ ਉਨ੍ਹਾਂ ਨੂੰ 10 ਫਰਵਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ ਅਤੇ ਸਬੰਧਤ ਪੁਲਸ ਸਟੇਸ਼ਨ ਓਸ਼ਿਵਾਰਾ, ਵੈਸਟ ਅੰਧੇਰੀ ਮੁੰਬਈ ਨੂੰ ਉਪਰੋਕਤ ਗਿਰਫਤਾਰੀ ਵਾਰੰਟ ਭੇਜਦੇ ਹੋਏ ਸੋਨੂੰ ਸੂਦ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਨ ਦੇ ਲਈ ਕਿਹਾ ਗਿਆ ਸੀ।
ਇਸ ਮਾਮਲੇ ਵਿਚ ਅੱਜ ਸੋਨੂੰ ਸੂਦ ਆਖ਼ਿਰ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋ ਗਏ ਹਨ। ਹਾਲਾਂਕਿ ਉਨ੍ਹਾਂ ਨੇ ਗਵਾਹੀ ਵਿਚ ਕੀ ਕੁਝ ਕਿਹਾ ਅਤੇ ਅਦਾਲਤ ਵੱਲੋਂ ਅਗਲੀ ਤਾਰੀਖ਼ ਕੀ ਦਿੱਤੀ ਹੈ, ਇਸ ਬਾਰੇ ਵੇਰਵੇ ਕੁਝ ਦੇਰ ਬਾਅਦ ਸਾਹਮਣੇ ਆਉਣਗੇ।
