ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੋਨੀ ਰੌਬਰਟਸ ਦਾ ਦਿਹਾਂਤ ਹੋ ਗਿਆ ਹੈ, ਉਹ 85 ਸਾਲ ਦੇ ਸਨ। ਉਨ੍ਹਾਂ ਦਾ ਫਿਲਮ ਅਤੇ ਥੀਏਟਰ ਸਫ਼ਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਹਮੇਸ਼ਾ ਯਾਦ ਰੱਖਿਆ ਜਾਵੇਗਾ। ਟੋਨੀ ਰੌਬਰਟਸ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ਼ ਵੱਡੇ ਪਰਦੇ ‘ਤੇ ਆਪਣੀ ਛਾਪ ਛੱਡੀ, ਸਗੋਂ ਥੀਏਟਰ ਦੀ ਦੁਨੀਆ ਵਿਚ ਵੀ ਖਾਸ ਪਛਾਣ ਬਣਾਈ। ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਹਾਲੀਵੁੱਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਫੇਫੜਿਆਂ ਦੇ ਕੈਂਸਰ ਕਾਰਨ ਹੋਈ ਮੌਤ
ਜਾਣਕਾਰੀ ਅਨੁਸਾਰ ਅਦਾਕਾਰ ਦੀ ਮੌਤ ਫੇਫੜਿਆਂ ਦੇ ਕੈਂਸਰ ਦੀਆਂ ਪੇਚੀਦਗੀਆਂ ਕਾਰਨ ਹੋਈ। ਇਹ ਅਦਾਕਾਰ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਿਹਾ ਸੀ। ਟੋਨੀ ਰੌਬਰਟਸ ਦੀ ਖਾਸ ਗੱਲ ਇਹ ਸੀ ਕਿ ਉਹ ਹਰ ਭੂਮਿਕਾ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੀਨ ਕਰ ਲੈਂਦਾ ਸੀ, ਭਾਵੇਂ ਉਹ ਥੀਏਟਰ ਹੋਵੇ ਜਾਂ ਫਿਲਮ। ਵੁਡੀ ਐਲਨ ਦੀਆਂ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਉਨ੍ਹਾਂ ਨੂੰ ਵਿਸ਼ੇਸ਼ ਪਛਾਣ ਮਿਲੀ।
ਰੌਬਰਟਸ ਨੇ ਵੁਡੀ ਐਲਨ ਦੀਆਂ ਕਈ ਫਿਲਮਾਂ ਵਿਚ ਕੰਮ ਕੀਤਾ, ਜਿਨ੍ਹਾਂ ਵਿਚ ਐਨੀ ਹਾਲ, ਹੰਨਾਹ ਐਂਡ ਹਰ ਸਿਸਟਰਜ਼, ਸਟਾਰਡਸਟ ਮੈਮੋਰੀਜ਼ ਅਤੇ ਰੇਡੀਓ ਡੇਜ਼ ਸ਼ਾਮਲ ਹਨ। ਇਨ੍ਹਾਂ ਫਿਲਮਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਹਮੇਸ਼ਾ ਯਾਦਗਾਰੀ ਰਹੇ, ਅਤੇ ਉਨ੍ਹਾਂ ਨੂੰ ਕਈ ਵਾਰ ਵੁਡੀ ਐਲਨ ਦੇ ਭਰੋਸੇਮੰਦ ਸਾਥੀ ਵਜੋਂ ਦੇਖਿਆ ਗਿਆ।
