ਲਹਿਰਾਗਾਗਾ-ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਲਹਿਰਾਗਾਗਾ ਨੂੰ ਵੱਡਾ ਤੋਹਫਾ ਦਿੰਦਿਆਂ ਸ਼ਹਿਰ ਦੀ ਗੰਦੇ ਅਤੇ ਬਰਸਾਤੀ ਪਾਣੀ ਦੀ ਮੁੱਖ ਸਮੱਸਿਆ ਡਿੱਚ ਡਰੇਨ ਨੂੰ 15.15 ਕਰੋੜ ਦੀ ਲਾਗਤ ਨਾਲ ਬੁਰਜੀ 4100 ਤੋਂ 13000 ਤੱਕ ਪਾਈਪ ਲਾਈਨ ਪਾਉਣ, ਇੰਟਰਲਾਕ ਟਾਈਲ ਲਾਉਣ ਅਤੇ ਚੇਨ ਲਿੰਕ ਫੈਂਸਿੰਗ ਦੇ ਕੰਮ ਦਾ ਨੀਂਹ- ਪੱਥਰ ਰੱਖਿਆ ਗਿਆ।
ਇਸ ਮੌਕੇ ਵਾਰਡ ਨੰਬਰ 15 ਦੇ ਲੋਕਾਂ ਤੇ ਸ਼ਹਿਰ ਨਿਵਾਸੀਆਂ ਵੱਲੋਂ ਕੈਬਨਿਟ ਮੰਤਰੀ ਗੋਇਲ ਦਾ ਭਰਵਾਂ ਸਵਾਗਤ ਕੀਤਾ ਗਿਆ। ਨੀਂਹ ਪੱਥਰ ਰੱਖਣ ਉਪਰੰਤ ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਸ਼ਹਿਰ ਦੇ ਮੁੱਖ ਬੱਸ ਸਟੈਂਡ ਦੇ ਪਿੱਛੋਂ ਇਕ ਗਰੀਬ ਬਸਤੀ ’ਚੋਂ ਲੰਘਦੀ ਉਕਤ ਡਿੱਚ ਡਰੇਨ ਬਰਸਾਤ ਦੇ ਦਿਨਾਂ ’ਚ ਸ਼ਹਿਰ ਨਿਵਾਸੀਆਂ ਦੇ ਜੀਅ ਦਾ ਜੰਜਾਲ ਬਣ ਜਾਂਦੀ ਹੈ ਅਤੇ ਗਰੀਬ ਬਸਤੀਆਂ ਦੇ ਲੋਕ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਸਨ, ਜਿਸ ਕਾਰਨ ਸ਼ਹਿਰ ਅਤੇ ਵਾਰਡ ਨੰਬਰ 15 ਦੇ ਲੋਕਾਂ ਦੀ ਡਿੱਚ ਡਰੇਨ ਦੀ ਮੁੱਖ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ 15 ਕਰੋੜ ਦੀ ਲਾਗਤ ਨਾਲ ਉਕਤ 9000 ਫੁੱਟ ਲੰਬੀ ਡਿੱਚ ਡਰੇਨ ਨੂੰ ਅੰਡਰਗਰਾਊਂਡ ਪਾਈਪ ਲਾਈਨ ਰਾਹੀਂ ਬਣਾਉਣ ਦੇ ਕੰਮ ਦਾ ਅੱਜ ਨੀਂਹ-ਪੱਥਰ ਰੱਖਿਆ ਗਿਆ ਹੈ।
ਅੰਡਰਗਰਾਊਂਡ ਪਾਈਪ ਪਾਉਣ ਤੋਂ ਬਾਅਦ ਉਸ ਉੱਪਰ ਇੰਟਰਲਾਕਿੰਗ ਟਾਈਲ ਲਗਾਈ ਜਾਵੇਗੀ, ਜਿਸ ਨਾਲ ਜਿੱਥੇ ਗੰਦੇ ਅਤੇ ਬਰਸਾਤੀ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗਾ। 31 ਮਾਰਚ ਤੱਕ ਉਕਤ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਅੰਡਰਗਰਾਊਂਡ ਪਾਈਪ ਲਾਈਨ ਪਾਉਣ ਉਪਰੰਤ ਵਿਚਕਾਰ ਰੇਂਲਿੰਗ ਲਗਾ ਕੇ ਫਲ ਅਤੇ ਫੁੱਲਦਾਰ ਬੂਟੇ ਵੀ ਲਾਏ ਜਾਣਗੇ, ਕਰੀਬ ਤਿੰਨ ਕਿਲੋਮੀਟਰ ਲੰਬੀ ਉਕਤ ’ਚ ਡੇਰ ਨੂੰ ਸੈਰਗਾਹ ਵਜੋਂ ਵੀ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅਧੂਰੇ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਤੇ ਵਿਕਾਸ ਦੇ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਬਿਨਾਂ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਨਰਿੰਦਰ ਗੋਇਲ, ਫੈੱਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰਬੜ, ਆੜ੍ਹਤੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਰਕੇਸ਼ ਕੁਮਾਰ, ਚਾਂਦੀ ਰਾਮ ਬੰਗਾ, ਮੇਘ ਰਾਜ, ਸ਼ੀਸ਼ਪਾਲ ਗਰਗ, ਕੌਂਸਲਰ ਬਲਬੀਰ ਸਿੰਘ ਬੀਰਾ ਤੋਂ ਇਲਾਵਾ ਪਾਰਟੀ ਆਗੂ ਤੇ ਵਰਕਰ ਵੀ ਹਾਜ਼ਰ ਸਨ।
