ਬਾਕੀ ਸਾਥੀਆਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ
ਅੰਮ੍ਰਿਤਸਰ : ਥਾਣਾ ਮੋਹਕਮਪੁਰਾ ਦੀ ਪੁਲਿਸ ਨੇ ਸੀ. ਆਈ. ਏ. ਸਟਾਫ਼ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਾਜ਼ਮ ਦੀ ਪਛਾਣ ਐੱਲ. ਆਰ./ਏ. ਐੱਸ. ਆਈ. ਗੁਰਜੀਤ ਸਿੰਘ (55) ਪੁੱਤਰ ਇਕਬਾਲ ਸਿੰਘ ਵਾਸੀ ਮਕਾਨ-790, ਨਿਊ ਪ੍ਰਤਾਪ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ।
ਇੰਸਪੈਕਟਰ ਸੁਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੁਦਈ ਬੇਬੀ ਦੇ ਬਿਆਨ ’ਤੇ ਮੁਕੱਦਮਾ ਦਰਜ ਕਰ ਕੇ ਸੀ. ਆਈ. ਏ. ਸਟਾਫ਼ ਦਾ ਨਕਲੀ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਮੁਲਾਜ਼ਮ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੇਬੀ ਨੇ ਦੱਸਿਆ ਕੀ ਇਕ ਫਰਵਰੀ ਨੂੰ ਸ਼ਾਮ 5 ਵਜੇ ਮੁਦਈ ਘਰ ’ਚ ਮੌਜੂਦ ਸੀ। ਬਾਹਰੋਂ ਦਰਵਾਜਾ ਖੜ੍ਹਕਾਉਣ ਦੀ ਆਵਾਜ਼ ਆਈ ਤੇ ਉਸ ਦੇ ਘਰ ਵਿਚ ਚਾਰ ਵਿਅਕਤੀ ਜਬਰਦਸਤੀ ਦਾਖਲ ਹੋਏ। ਇਕ ਵਿਅਕਤੀ ਘਰ ਦੇ ਬਾਹਰ ਖੜ੍ਹਾ ਰਿਹਾ। ਜਿਨ੍ਹਾਂ ਨੇ ਮੁਦਈ ਨੂੰ ਕਿਹਾ ਕਿ ਪੁਲਿਸ ਮੁਲਾਜ਼ਮ ਹਾਂ ਅਤੇ ਘਰ ਦੀ ਤਲਾਸ਼ੀ ਲੈਣੀ ਹੈ ਤੇ ਜਦੋਂ ਉਹ ਚਾਰੇ ਘਰੋਂ ਚਲੇ ਗਏ ਤਾਂ ਮੁਦੱਈ ਨੇ ਆਪਣੇ ਘਰ ਦੀ ਸੀ. ਸੀ. ਟੀ. ਵੀ. ਚੈੱਕ ਕੀਤੇ ਤਾਂ ਉਸ ਦੀ ਅਲਮਾਰੀ ਵਿਚੋਂ 1.60 ਲੱਖ ਰੁਪਏ ਗਾਇਬ ਸਨ।
ਮੁਦਈ ਨੇ ਦੱਸਿਆ ਕਿ ਉਸ ਦੇ ਘਰ ਵਿਚ ਦਾਖਲ ਹੋਣ ਵਾਲੇ 5 ਵਿਅਕਤੀਆਂ ’ਚੋਂ ਇਕ ਸੁਰਿੰਦਰ ਮੋਹਨ ਪੁਲਿਸ ਮੁਲਾਜ਼ਮ, ਜੋ ਰਿਟਾਇਰ ਹੋ ਚੁੱਕਾ ਹੈ, ਇਸ ਦੇ ਨਾਲ ਥਾਣੇਦਾਰ ਗੁਰਜੀਤ ਸਿੰਘ ਹੈ। ਬਾਕੀ ਤਿੰਨ ਨਾਮਾਲੂਮ ਵਿਅਕਤੀ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਜਾਂਚ ’ਚ ਮੁਲਜ਼ਮ ਐੱਲਆਰ/ਏਐੱਸਆਈ ਗੁਰਜੀਤ ਸਿੰਘ ਨੂੰ 6 ਫਰਵਰੀ ਨੂੰ ਨਿਊ ਪ੍ਰਤਾਪ ਨਗਰ ਸਾਹਮਣੇ ਅਲਫਾ ਮਾਲ ਅੰਮ੍ਰਿਤਸਰ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
ਤਫਤੀਸ਼ ਦੌਰਾਨ ਮੁਦੱਈ ਨੇ ਦੱਸਿਆ ਕਿ ਸਾਬਕਾ ਇੰਸਪੈਕਟਰ ਸੁਰਿੰਦਰ ਮੋਹਨ ਅਤੇ ਐੱਲਆਰ/ਏਐੱਸਆਈ ਗੁਰਜੀਤ ਸਿੰਘ ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਜਾਂਦੇ ਸਮੇਂ ਜੇਬ ’ਚੋਂ 5 ਹਜ਼ਾਰ ਰੁਪਏ ਜ਼ਬਰਦਸਤੀ ਕੱਢ ਕੇ ਲੈ ਗਏ ਸਨ। ਇਸ ’ਤੇ ਮੁਕੱਦਮੇ ਵਿਚ ਵਾਧਾ ਕੀਤਾ ਗਿਆ ਹੈ। ਮੁਲਜ਼ਮ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
