ਟਿਕਟ ਨੂੰ ਲੈ ਕੇ ਜੇਲ੍ਹ ਵਾਰਡਨ ਅਤੇ ਬੱਸ ਕੰਡਕਟਰ ਵਿਚਾਲੇ ਹੱਥੋਪਾਈ; ਗੁੱਸੇ ‘ਚ ਆਏ ਡਰਾਈਵਰਾਂ-ਕੰਡਕਟਰਾਂ ਨੇ ਖਮਾਣੋਂ ਹਾਈਵੇਅ ਕੀਤਾ ਜਾਮ

24 ਨਵੰਬਰ 2026: ਮੋਹਾਲੀ ਤੋਂ ਲੁਧਿਆਣਾ ਜਾ ਰਹੀ ਜੁਝਾਰ ਬੱਸ ਦੇ ਕੰਡਕਟਰ ਅਤੇ ਰੋਪੜ ਜੇਲ੍ਹ ਵਿਭਾਗ ਵਿੱਚ ਤਾਇਨਾਤ ਇੱਕ ਵਾਰਡਨ ਵਿਚਾਲੇ ਬੱਸ ਦੀ ਟਿਕਟ ਨੂੰ ਲੈ ਕੇ ਜ਼ਬਰਦਸਤ ਝਗੜਾ ਹੋ ਗਿਆ। ਇਸ ਘਟਨਾ ਦੇ ਵਿਰੋਧ ਵਿੱਚ ਜੁਝਾਰ ਬੱਸ ਸਰਵਿਸ ਅਤੇ ਕੁਝ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਆਪਣੀਆਂ ਬੱਸਾਂ ਖਮਾਣੋਂ ਹਾਈਵੇਅ ਦੇ ਵਿਚਕਾਰ ਖੜ੍ਹੀਆਂ ਕਰਕੇ ਸੜਕ ਜਾਮ ਕਰ ਦਿੱਤੀ। ਕਰੀਬ ਡੇਢ ਘੰਟੇ ਤੱਕ ਲੱਗੇ ਇਸ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

​ਜ਼ਖ਼ਮੀ ਬੱਸ ਕੰਡਕਟਰ ਬੰਟੀ ਰੇਸ਼ਮ (ਵਾਸੀ ਨੇੜੇ ਪੁਲਿਸ ਲਾਈਨ, ਫਰੀਦਕੋਟ) ਨੇ ਦੱਸਿਆ ਕਿ ਮੋਰਿੰਡਾ ਲੰਘਣ ਤੋਂ ਬਾਅਦ ਜਦੋਂ ਉਸ ਨੇ ਬੱਸ ਵਿੱਚ ਸਫ਼ਰ ਕਰ ਰਹੇ ਉਕਤ ਜੇਲ੍ਹ ਵਾਰਡਨ ਤੋਂ ਟਿਕਟ ਮੰਗੀ, ਤਾਂ ਉਸ ਨੇ ਕਥਿਤ ਤੌਰ ‘ਤੇ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ। ਗੱਲਬਾਤ ਦੌਰਾਨ ਜਦੋਂ ਕੰਡਕਟਰ ਨੇ ਥਾਣੇ ਵਿੱਚ ਸੁਣਵਾਈ ਨਾ ਹੋਣ ਦੀ ਗੱਲ ਕਹੀ, ਤਾਂ ਵਾਰਡਨ ਨੇ ਕਥਿਤ ਤੌਰ ‘ਤੇ ਉਸ ਨੂੰ ਪੰਜ-ਛੇ ਥੱਪੜ ਮਾਰ ਦਿੱਤੇ। ਕੰਡਕਟਰ ਮੁਤਾਬਕ ਸਵਾਰੀਆਂ ਦੇ ਕਹਿਣ ‘ਤੇ ਜਦੋਂ ਉਹ ਅੱਗੇ ਜਾ ਕੇ ਬੱਸ ਤੋਂ ਉਤਰਿਆ, ਤਾਂ ਕਿਸੇ ਤਿੱਖੀ ਚੀਜ਼ ਨਾਲ ਉਸ ਦੇ ਨੱਕ ਅਤੇ ਗੱਲ੍ਹ ‘ਤੇ ਵਾਰ ਕੀਤਾ ਗਿਆ, ਜਿਸ ਕਾਰਨ ਉਸ ਦੇ ਚਾਰ ਟਾਂਕੇ ਲੱਗੇ ਹਨ।

​ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ. (ਡੀ) ਫਤਿਹਗੜ੍ਹ ਸਾਹਿਬ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਡੀ.ਐਸ.ਪੀ. ਖਮਾਣੋਂ ਰਾਜਪਾਲ ਸਿੰਘ, ਐਸ.ਐਚ.ਓ. ਖਮਾਣੋਂ ਰੋਹਿਤ ਕੁਮਾਰ ਸ਼ਰਮਾ, ਐਸ.ਐਚ.ਓ. ਬੱਸੀ ਪਠਾਣਾ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਐਸ.ਐਚ.ਓ. ਮੂਲੇਪੁਰ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ।

ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ-ਬੁਝਾ ਕੇ ਤਣਾਅਪੂਰਨ ਸਥਿਤੀ ‘ਤੇ ਕਾਬੂ ਪਾਇਆ ਅਤੇ ਆਵਾਜਾਈ ਬਹਾਲ ਕਰਵਾਈ।ਐਸ.ਪੀ. (ਡੀ) ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਘਟਨਾ ਵਿੱਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਖ਼ਮੀ ਕੰਡਕਟਰ ਬੰਟੀ ਰੇਸ਼ਮ ਨੂੰ ਪਹਿਲਾਂ ਖਮਾਣੋਂ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਨੱਕ ਦੀ ਹੱਡੀ ਟੁੱਟਣ ਕਾਰਨ ਉਸ ਨੂੰ ਫੇਜ਼-6, ਮੋਹਾਲੀ ਰੈਫਰ ਕਰ ਦਿੱਤਾ

Read More: ਪਹਾੜਾਂ ’ਚ ਬਰਫ਼ਬਾਰੀ ਦਾ ਪੰਜਾਬ ’ਚ ਅਸਰ, ਤਾਪਮਾਨ 2 ਡਿਗਰੀ ਡਿੱਗਿਆ; ਠੰਢ ਦੀ ਲਹਿਰ ਸ਼ੁਰੂ

Leave a Reply

Your email address will not be published. Required fields are marked *