ਮੁੱਖ ਮੰਤਰੀ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਦੀ ਸ਼ੁਰੂਆਤ, ਸੂਬਾ ਪੱਧਰੀ ਯੁਵਕ ਕੁਇਜ਼ ਮੁਕਾਬਲਾ ਆਪਣੀ ਕਿਸਮ ਦਾ ਪਹਿਲਾ ਉਪਰਾਲਾ

ਚੰਡੀਗੜ੍ਹ 15 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਵਿਲੱਖਣ ਰਾਜ-ਪੱਧਰੀ ਯੁਵਕ ਕੁਇਜ਼ ਮੁਕਾਬਲੇ ‘ਪੰਜਾਬ ਦਾ ਕਰੋੜਪਤੀ’ ਦੀ ਸ਼ੁਰੂਆਤ ਕੀਤੀ। ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਦੀ ਊਰਜਾ ਨੂੰ ਗਿਆਨ, ਸਿੱਖਿਆ ਅਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਵੱਲ ਲਗਾਉਣਾ ਹੈ। ਇਸ ਕੁਇਜ਼ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਵੱਡਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ। 15 ਤੋਂ 30 ਸਾਲ ਦੀ ਉਮਰ ਦੇ ਪੰਜਾਬ ਦੇ ਵਸਨੀਕਾਂ ਲਈ ਖੁੱਲ੍ਹੇ ਇਸ ਮੁਕਾਬਲੇ ਵਿੱਚ ਜੇਤੂ ਨੂੰ 1 ਕਰੋੜ ਰੁਪਏ, ਚਾਰ ਉਪ-ਜੇਤੂਆਂ (ਰਨਰ-ਅੱਪ) ਨੂੰ 10-10 ਲੱਖ ਰੁਪਏ ਅਤੇ ਲੀਡਰਬੋਰਡ ‘ਤੇ ਸਿਖਰਲੇ ਅੱਠ ਹੋਰ ਭਾਗੀਦਾਰਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ।

ਇਸ ਤੋਂ ਇਲਾਵਾ 10,000 ਤੋਂ ਵੱਧ ਭਾਗੀਦਾਰਾਂ ਨੂੰ ਵੀ ਇਨਾਮ ਦਿੱਤੇ ਜਾਣਗੇ। ਇਸ ਪਹਿਲਕਦਮੀ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਚਾਹੁੰਦੀ ਹੈ ਕਿ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਹੋਣ ਕਿਉਂਕਿ ਕਲਮ ਹੀ ਕਿਸੇ ਕੌਮ ਦੀ ਕਿਸਮਤ ਘੜ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਫ਼ਲਤਾ ਹੀ ਪੰਜਾਬ ਦੀ ਅਸਲ ਤਰੱਕੀ ਹੈ ਅਤੇ ਸਰਕਾਰ ਹਰ ਕਦਮ ‘ਤੇ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ।

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਕਿਹਾ, “ਪੰਜਾਬ ਦੇ ਨੌਜਵਾਨਾਂ ਲਈ ਇਹ ਵੱਡੀ ਖ਼ਬਰ ਹੈ। ਅੱਜ ਅਸੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਤਿਆਰ ਕਰਨ ਵਾਸਤੇ ‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਦਾ ਐਲਾਨ ਕੀਤਾ ਹੈ। ਜੇਤੂ ਨੂੰ 1 ਕਰੋੜ ਰੁਪਏ ਮਿਲਣਗੇ, ਚਾਰ ਉਪ-ਜੇਤੂਆਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ, ਜਦਕਿ ਚੋਟੀ ਦੇ 10,000 ਭਾਗੀਦਾਰਾਂ ਨੂੰ ਵੀ ਆਕਰਸ਼ਕ ਇਨਾਮ ਦਿੱਤੇ ਜਾਣਗੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਹੋਣ ਕਿਉਂਕਿ ਕਲਮ ਹੀ ਕਿਸੇ ਕੌਮ ਦੀ ਕਿਸਮਤ ਘੜ ਸਕਦੀ ਹੈ। ਤੁਸੀਂ ਬੱਸ ਸਖ਼ਤ ਮਿਹਨਤ ‘ਤੇ ਧਿਆਨ ਦਿਓ; ਸਰਕਾਰ ਹਰ ਕਦਮ ‘ਤੇ ਤੁਹਾਡੇ ਨਾਲ ਖੜ੍ਹੀ ਹੈ। ਤੁਹਾਡੀ ਸਫ਼ਲਤਾ ਹੀ ਪੰਜਾਬ ਦੀ ਅਸਲ ਤਰੱਕੀ ਹੈ। ਆਓ, ਆਪਣੇ ਹੁਨਰ ਅਤੇ ਸਖ਼ਤ ਮਿਹਨਤ ਰਾਹੀਂ ਇੱਕ ਖ਼ੁਸ਼ਹਾਲ ਅਤੇ ਜੀਵੰਤ ‘ਰੰਗਲਾ ਪੰਜਾਬ’ ਸਿਰਜੀਏ।”

ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟਰ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਪੰਜਾਬ ਦਾ ਕਰੋੜਪਤੀ’ ਉਪਰਾਲਾ ਸਿੱਖਣ, ਗਿਆਨ ਵਧਾਉਣ ਅਤੇ ਵੱਡੇ ਨਕਦ ਇਨਾਮ ਜਿੱਤਣ ਦਾ ਇੱਕ ਸ਼ਾਨਦਾਰ ਮੌਕਾ ਹੈ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਇਹ ਮੁਕਾਬਲਾ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਹੈ ਅਤੇ ਇਸ ਦਾ ਢਾਂਚਾ ਮਸ਼ਹੂਰ ਟੈਲੀਵਿਜ਼ਨ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੀ ਤਰਜ਼ ‘ਤੇ ਤਿਆਰ ਕੀਤਾ ਗਿਆ ਹੈ। ਭਾਗੀਦਾਰਾਂ ਨੂੰ ਚੋਣਵੇਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਜਿਨ੍ਹਾਂ ਵਿੱਚੋਂ ਹਰੇਕ ਸਵਾਲ ਦੇ ਚਾਰ ਵਿਕਲਪ ਹੋਣਗੇ ਅਤੇ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਸਹੀ ਹੋਵੇਗਾ।”

ਉਨ੍ਹਾਂ ਕਿਹਾ, “ਇਸ ਮੁਕਾਬਲੇ ਵਿੱਚ ਕੁੱਲ 11 ਦੌਰ ਹੋਣਗੇ, ਜਿਨ੍ਹਾਂ ਵਿੱਚੋਂ ਪਹਿਲੇ 9 ਦੌਰ ਆਨਲਾਈਨ ਕਰਵਾਏ ਜਾਣਗੇ। ਦਸਵਾਂ ਦੌਰ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਆਫਲਾਈਨ ਢੰਗ ਨਾਲ ਕਰਵਾਇਆ ਜਾਵੇਗਾ, ਜਿਸ ਵਿੱਚ ਭਾਗੀਦਾਰ ਖ਼ੁਦ ਆ ਕੇ ਹਿੱਸਾ ਲੈਣਗੇ, ਜਦਕਿ 11ਵਾਂ ਦੌਰ ‘ਗ੍ਰੈਂਡ ਫਿਨਾਲੇ’ ਹੋਵੇਗਾ।”

ਮੁੱਖ ਮੰਤਰੀ ਨੇ ਕਿਹਾ, “ਪ੍ਰਸ਼ਨ ਬੈਂਕ ਵਿੱਚ ਲਗਪਗ 50,000 ਪ੍ਰਸ਼ਨ ਸ਼ਾਮਲ ਹੋਣਗੇ, ਜੋ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਭੂਗੋਲ, ਗਣਿਤ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਜਾਣਕਾਰੀ ‘ਤੇ ਆਧਾਰਿਤ ਹੋਣਗੇ। ਇਹ ਪ੍ਰਸ਼ਨ ਕਾਂਸਟੇਬਲ, ਪਟਵਾਰੀ ਅਤੇ ਪੀ.ਸੀ.ਐਸ. ਵਰਗੇ ਅਹੁਦਿਆਂ ‘ਤੇ ਭਰਤੀ ਲਈ ਲਈਆਂ ਜਾਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਪੈਟਰਨ ਅਨੁਸਾਰ ਹੀ ਹੋਣਗੇ।”

ਉਨ੍ਹਾਂ ਅੱਗੇ ਕਿਹਾ, “ਇਹ ਪਹਿਲਕਦਮੀ ਨੌਜਵਾਨਾਂ ਨੂੰ ਉਨ੍ਹਾਂ ਦਾ ਸਾਧਾਰਨ ਗਿਆਨ ਵਧਾਉਣ ਅਤੇ ਭਵਿੱਖ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨ ਵਿੱਚ ਮਦਦ ਕਰੇਗੀ, ਜਦਕਿ ਨਾਲ ਹੀ ਉਹ ਮੁਕਾਬਲੇ ਦੇ ਉਤਸ਼ਾਹ ਦਾ ਆਨੰਦ ਵੀ ਲੈ ਸਕਣਗੇ।”

ਇਨਾਮਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, “ਕੁੱਲ 10,000 ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ਅੰਤਿਮ ਜੇਤੂ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਮਿਲੇਗਾ। ਭਾਗੀਦਾਰਾਂ ਨੂੰ ਸਵਾਲਾਂ ਦੇ ਜਵਾਬ ਦੇਣ ਤੋਂ ਤੁਰੰਤ ਬਾਅਦ ਸਹੀ ਉੱਤਰ ਵੀ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੇ ਜਵਾਬਾਂ ਤੋਂ ਸਿੱਖਣ ਅਤੇ ਆਪਣਾ ਗਿਆਨ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।”

ਪਾਰਦਰਸ਼ਤਾ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਰੀ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ ਤਾਂ ਜੋ ਨੌਜਵਾਨਾਂ ਨੂੰ ਆਪਣਾ ਗਿਆਨ ਵਧਾਉਣ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਆਪਣੀ ਤਿਆਰੀ ਮਜ਼ਬੂਤ ਕਰਨ ਅਤੇ ਆਕਰਸ਼ਕ ਨਕਦ ਇਨਾਮ ਜਿੱਤਣ ਦਾ ਬਰਾਬਰ ਮੌਕਾ ਮਿਲ ਸਕੇ।”

ਮੁੱਖ ਮੰਤਰੀ ਨੇ ਕਿਹਾ, “ਮੁਕਾਬਲੇ ਦੇ ਵੇਰਵੇ ਜਲਦ ਹੀ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਕੀਤੇ ਜਾਣਗੇ। ਮੋਬਾਈਲ ਫੋਨਾਂ ਅਤੇ ਵੈੱਬ ਰਾਹੀਂ ਇਸ ਪੋਰਟਲ ਤੱਕ ਪਹੁੰਚ ਕੀਤੀ ਜਾ ਸਕੇਗੀ ਅਤੇ ਨੌਜਵਾਨ ‘ਪੰਜਾਬ ਦਾ ਕਰੋੜਪਤੀ’ ਐਪ/ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜੋ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ‘ਤੇ ਉਪਲਬਧ ਹੈ।”

ਇਸ ਨੂੰ ਨੌਜਵਾਨਾਂ ਲਈ ਕਮਾਈ ਦੇ ਨਾਲ-ਨਾਲ ਸਿੱਖਣ ਦਾ ਵੱਡਾ ਮੌਕੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੁਕਾਬਲੇ ਵਿੱਚ ਹਿੱਸਾ ਲੈਣ, ਆਪਣੇ ਗਿਆਨ ਵਿੱਚ ਵਾਧਾ ਕਰਨ ਅਤੇ ਇਸ ਵਿਲੱਖਣ ਪਹਿਲਕਦਮੀ ਦਾ ਵੱਧ ਤੋਂ ਵੱਧ ਲਾਹਾ ਲੈਣ।

ਉਨ੍ਹਾਂ ਕਿਹਾ, “ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲੈ ਜਾਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਨੂੰ ਸਿਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”

ਪੰਜਾਬ ਭਰ ਦੇ 15 ਤੋਂ 30 ਸਾਲ ਤੱਕ ਦੇ ਨੌਜਵਾਨ ਲੈ ਸਕਣਗੇ ਹਿੱਸਾ
ਇਹ ਮੁਕਾਬਲਾ 1 ਜਨਵਰੀ, 2027 ਤੱਕ 15 ਤੋਂ 30 ਸਾਲ ਦੀ ਉਮਰ ਦੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਖੁੱਲ੍ਹਾ ਹੈ ਅਤੇ ਇਹ ਇੱਕ ਡਿਜੀਟਲ ਕੁਇਜ਼ ਪਲੇਟਫਾਰਮ ਰਾਹੀਂ ਕਰਵਾਇਆ ਜਾਵੇਗਾ। ਇਸ ਦੇ ਸਿਲੇਬਸ ਵਿੱਚ ਪੰਜਾਬ ਦਾ ਇਤਿਹਾਸ, ਭੂਗੋਲ, ਕਲਾ, ਸੱਭਿਆਚਾਰ, ਜਰਨਲ ਨਾਲੇਜ਼, ਕਰੰਟ ਅਫ਼ੇਅਰਜ਼, ਐਪਟੀਟਿਊਡ ਅਤੇ ਸ਼ਾਸਨ ਪ੍ਰਬੰਧ ਨਾਲ ਸਬੰਧਤ ਸਵਾਲ ਸ਼ਾਮਲ ਹੋਣਗੇ, ਜਿਸ ਵਿੱਚ ਸਰਕਾਰੀ ਪਹਿਲਕਦਮੀਆਂ, ਪ੍ਰਾਪਤੀਆਂ ਅਤੇ ਵਿਕਾਸ ਕਾਰਜ ਵੀ ਸ਼ਾਮਲ ਹਨ। ਬਹੁ-ਵਿਕਲਪੀ ਸਵਾਲਾਂ ਵਾਲੇ ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਵਿੱਚ ਸਿੱਖਣ ਦੀ ਰੁਚੀ, ਉਤਸੁਕਤਾ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਪੰਜਾਬ ਦੀ ਵਿਰਾਸਤ, ਤਰੱਕੀ ਅਤੇ ਸ਼ਾਸਨ ਪ੍ਰਬੰਧ ਬਾਰੇ ਉਨ੍ਹਾਂ ਦੀ ਸਮਝ ਨੂੰ ਹੋਰ ਡੂੰਘਾ ਕੀਤਾ ਜਾ ਸਕੇ।

ਸੂਬਾ ਪੱਧਰੀ ਜੇਤੂ ਨੂੰ 1 ਕਰੋੜ ਰੁਪਏ, ਚਾਰ ਉਪ-ਜੇਤੂਆਂ ਨੂੰ 10-10 ਲੱਖ ਰੁਪਏ ਅਤੇ ਲੀਡਰਬੋਰਡ ’ਤੇ ਥਾਂ ਬਣਾਉਣ ਵਾਲੇ ਅੱਠ ਪ੍ਰਤੀਯੋਗੀਆਂ ਨੂੰ ਮਿਲਣਗੇ 5-5 ਲੱਖ ਰੁਪਏ
‘ਪੰਜਾਬ ਦਾ ਕਰੋੜਪਤੀ’ ਦੇ ਇਨਾਮਾਂ ਦੀ ਸੂਚੀ ਵਿੱਚ ਸੂਬਾ ਪੱਧਰੀ ਜੇਤੂ ਲਈ 1 ਕਰੋੜ ਰੁਪਏ ਦਾ ਵੱਡਾ ਨਕਦ ਇਨਾਮ ਸ਼ਾਮਲ ਹੈ, ਜਦਕਿ ਚਾਰ ਉਪ-ਜੇਤੂਆਂ (ਰਨਰਜ਼-ਅੱਪ) ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੀਡਰਬੋਰਡ ’ਤੇ ਥਾਂ ਬਣਾਉਣ ਵਾਲੇ ਅੱਠ ਪ੍ਰਤੀਯੋਗੀਆਂ ਨੂੰ 5-5 ਲੱਖ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ।

Read More: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 623ਵੇਂ ਦਿਨ 120 ਨਸ਼ਾ ਤਸਕਰ 1.9 ਕਿਲੋ ਹੈਰੋਇਨ ਸਮੇਤ ਕਾਬੂ

Leave a Reply

Your email address will not be published. Required fields are marked *