ਬੰਗਲਾਦੇਸ਼ ‘ਚ ਕੱਪੜਾ ਫੈਕਟਰੀਆਂ ਦੇ ਮਜ਼ਦੂਰਾਂ ਦਾ ਹਿੰਸਕ ਪ੍ਰਦਰਸ਼ਨ, ਢਾਕਾ ਤੇ ਗਾਜ਼ੀਪੁਰ ਵਿੱਚ ਭਾਰੀ ਤਣਾਅ

1 ਨਵੰਬਰ 2026: ਬੰਗਲਾਦੇਸ਼ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਉੱਠੀ ਹੈ। ਤਨਖਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਕੱਪੜਾ ਫੈਕਟਰੀਆਂ ਦੇ ਮਜ਼ਦੂਰਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ। ਢਾਕਾ ਅਤੇ ਗਾਜ਼ੀਪੁਰ ਵਿੱਚ ਭੰਨਤੋੜ ਅਤੇ ਪੁਲਿਸ ਨਾਲ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਨਾਲ ਬਾਰਡਰ ਗਾਰਡ ਬੰਗਲਾਦੇਸ਼ (BGB) ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਪ੍ਰਦਰਸ਼ਨਕਾਰੀਆਂ ‘ਤੇ ਕਥਿਤ ਤੌਰ ‘ਤੇ ਪੁਲਿਸ ਚੌਕੀਆਂ ਵਿੱਚ ਭੰਨਤੋੜ ਕਰਨ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾਉਣ ਦੇ ਦੋਸ਼ ਹਨ।

ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ
ਪ੍ਰਦਰਸ਼ਨ ਦੌਰਾਨ ਮਜ਼ਦੂਰਾਂ ਵੱਲੋਂ ਫੈਕਟਰੀਆਂ ਵਿੱਚ ਭੰਨਤੋੜ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਚੌਕੀਆਂ ‘ਤੇ ਪਥਰਾਅ ਕੀਤਾ ਗਿਆ ਅਤੇ ਮੁੱਖ ਸੜਕਾਂ ‘ਤੇ ਬੈਰੀਕੇਡ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ।

ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਕੁਝ ਥਾਵਾਂ ‘ਤੇ ਸਾਊਂਡ ਗ੍ਰਨੇਡ ਦੀ ਵਰਤੋਂ ਕੀਤੇ ਜਾਣ ਦੀ ਵੀ ਖ਼ਬਰ ਹੈ। ਪੁਲਿਸ ਵੱਲੋਂ ਬਲ ਦੀ ਵਰਤੋਂ ਕਰਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ।

12,500 ਟਕਾ ਤੋਂ ਵਧਾ ਕੇ 30,000 ਟਕਾ ਤਨਖਾਹ ਕਰਨ ਦੀ ਮੰਗ
ਮਜ਼ਦੂਰਾਂ ਦਾ ਇਹ ਪ੍ਰਦਰਸ਼ਨ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ, ਜੋ ਐਤਵਾਰ ਤੱਕ ਢਾਕਾ ਦੇ ਮੀਰਪੁਰ ਅਤੇ ਗਾਜ਼ੀਪੁਰ ਦੇ ਕੋਨਾਬਾੜੀ ਵਰਗੇ ਉਦਯੋਗਿਕ ਇਲਾਕਿਆਂ ਵਿੱਚ ਫੈਲ ਗਿਆ।

ਦਰਅਸਲ, ਬੰਗਲਾਦੇਸ਼ ਵਿੱਚ ਕੱਪੜਾ ਫੈਕਟਰੀਆਂ ਦੇ ਮਜ਼ਦੂਰਾਂ ਦਾ ਮੌਜੂਦਾ ਘੱਟੋ-ਘੱਟ ਮਹੀਨਾਵਾਰ ਵੇਤਨ 12,500 ਟਕਾ ਹੈ। ਮਜ਼ਦੂਰਾਂ ਦੀ ਮੰਗ ਹੈ ਕਿ ਇਸ ਨੂੰ ਵਧਾ ਕੇ 30,000 ਟਕਾ ਕੀਤਾ ਜਾਵੇ।

ਤਨਖਾਹਾਂ ਵਿੱਚ ਵਾਧੇ ਦੀ ਇਸ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਪ੍ਰਦਰਸ਼ਨ ਹੁਣ ਹਿੰਸਕ ਰੂਪ ਧਾਰ ਚੁੱਕਾ ਹੈ। ਫਿਲਹਾਲ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਅਤੇ BGB ਦੇ ਜਵਾਨ ਤਾਇਨਾਤ ਹਨ।

Read More: ਨੇਪਾਲ ‘ਚ ਤਬਾਹੀ ਦੀ ਇੱਕ ਹੋਰ ਲਹਿਰ ਦਾ ਸਾਹਮਣਾ, ਭਾਰੀ ਮੀਂਹ ਤੇ ਬਰਫ਼ਬਾਰੀ ਦੀ ਚੇਤਾਵਨੀ

Leave a Reply

Your email address will not be published. Required fields are marked *